ਕੇਂਦਰੀ ਜਪਾਨ ਵਿੱਚ ਇੱਕ ਫੈਕਟਰੀ ਅੰਦਰ ਛੁਰੀ ਨਾਲ ਕੀਤੇ ਗਏ ਹਮਲੇ ਵਿੱਚ 14 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ ਹਮਲੇ ਦੌਰਾਨ ਇੱਕ ਅਣਪਛਾਤਾ ਤਰਲ ਪਦਾਰਥ ਵੀ ਛਿੜਕਿਆ ਗਿਆ। ਸਾਰੇ ਜ਼ਖ਼ਮੀ ਹੋਸ਼ ਵਿੱਚ ਹਨ, ਹਾਲਾਂਕਿ ਚੋਟਾਂ ਦੀ ਗੰਭੀਰਤਾ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲੀ।
ਕਿਓਡੋ ਨਿਊਜ਼ ਏਜੰਸੀ ਅਨੁਸਾਰ, ਟੋਕਿਓ ਤੋਂ ਪੱਛਮ ਵੱਲ ਮਿਸ਼ੀਮਾ ਸ਼ਹਿਰ ਦੀ ਇੱਕ ਰੱਬੜ ਫੈਕਟਰੀ ਵਿੱਚ ਇੱਕ ਵਿਅਕਤੀ ਨੇ ਛੁਰੀ ਨਾਲ ਹਮਲਾ ਕੀਤਾ। ਹਮਲਾਵਰ ਨੂੰ ਫੈਕਟਰੀ ਵਿੱਚ ਹੀ ਕਾਬੂ ਕਰ ਲਿਆ ਗਿਆ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ।
ਮਿਸ਼ੀਮਾ ਸ਼ਹਿਰ ਦੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਟੋਮੋਹਾਰੂ ਸੁਗੀਯਾਮਾ ਨੇ ਦੱਸਿਆ ਕਿ ਸ਼ਾਮ 4:30 ਵਜੇ ਇੱਕ ਕਾਲ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਕਿ “ਪੰਜ ਜਾਂ ਛੇ ਲੋਕਾਂ ਨੂੰ ਕਿਸੇ ਨੇ ਛੁਰੀ ਮਾਰੀ ਹੈ” ਅਤੇ ਨਾਲ ਹੀ “ਸਪਰੇ ਵਰਗਾ ਤਰਲ ਪਦਾਰਥ” ਵੀ ਵਰਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 14 ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਹ ਫੈਕਟਰੀ ਯੋਕੋਹਾਮਾ ਰੱਬੜ ਕੰਪਨੀ ਵੱਲੋਂ ਚਲਾਈ ਜਾਂਦੀ ਹੈ, ਜੋ ਟਰੱਕਾਂ ਅਤੇ ਬੱਸਾਂ ਲਈ ਟਾਇਰ ਬਣਾਉਂਦੀ ਹੈ।
ਜ਼ਿਕਰਯੋਗ ਹੈ ਕਿ ਜਪਾਨ ਵਿੱਚ ਹਿੰਸਕ ਅਪਰਾਧ ਕਾਫ਼ੀ ਘੱਟ ਹੁੰਦੇ ਹਨ ਅਤੇ ਇੱਥੇ ਦੁਨੀਆ ਦੇ ਸਭ ਤੋਂ ਸਖ਼ਤ ਗਨ ਕਾਨੂੰਨ ਹਨ। ਹਾਲਾਂਕਿ ਕਦੇ-ਕਦੇ ਛੁਰੀ ਨਾਲ ਹਮਲੇ ਜਾਂ ਗੋਲੀਆਂ ਚਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਵਿੱਚ 2022 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਹੱਤਿਆ ਵੀ ਸ਼ਾਮਲ ਹੈ।