ਕੈਨੇਡਾ ਦੇ ਟੋਰਾਂਟੋ ਵਿੱਚ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਕਾਰਬੋਰੋ ਕੈਂਪਸ ਨੇੜੇ 20 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸ਼ਿਵਾਂਕ ਅਵਸਥੀ ਵਜੋਂ ਹੋਈ ਹੈ, ਜੋ ਡਾਕਟਰੇਟ (ਪੀਐਚਡੀ) ਦਾ ਵਿਦਿਆਰਥੀ ਸੀ। ਟੋਰਾਂਟੋ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਨਤਾ ਤੋਂ ਮਦਦ ਦੀ ਮੰਗ ਕੀਤੀ ਹੈ।
ਪੁਲਿਸ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 3:34 ਵਜੇ ਹਾਈਲੈਂਡ ਕ੍ਰੀਕ ਟ੍ਰੇਲ ਅਤੇ ਓਲਡ ਕਿੰਗਸਟਨ ਰੋਡ ਇਲਾਕੇ ਵਿੱਚ ਇੱਕ ਐਮਰਜੈਂਸੀ ਕਾਲ ਮਿਲੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਹਾਲਤ ਵਿੱਚ ਲੱਭਿਆ, ਜਿਸਨੂੰ ਥਾਂ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਹ ਟੋਰਾਂਟੋ ਵਿੱਚ ਇਸ ਸਾਲ ਦਾ 41ਵਾਂ ਕਤਲ ਮਾਮਲਾ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਲੇ ਵਿਅਕਤੀ ਨੂੰ 416-808-7400 ‘ਤੇ ਸੰਪਰਕ ਕਰਨ ਜਾਂ ਕ੍ਰਾਈਮ ਸਟੌਪਰਜ਼ ਰਾਹੀਂ ਗੁਪਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ।
ਇਸ ਘਟਨਾ ‘ਤੇ ਭਾਰਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਐਕਸ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸ਼ਿਵਾਂਕ ਅਵਸਥੀ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਟੋਰਾਂਟੋ ਵਿੱਚ 30 ਸਾਲਾ ਭਾਰਤੀ ਮਹਿਲਾ ਹਿਮਾਂਸ਼ੀ ਖੁਰਾਨਾ ਦੀ ਹੱਤਿਆ ਹੋਈ ਸੀ, ਜਿਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਖ਼ਿਲਾਫ਼ ਪਹਿਲੀ ਡਿਗਰੀ ਕਤਲ ਦਾ ਵਾਰੰਟ ਜਾਰੀ ਕੀਤਾ ਹੈ।