ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੌਜ ਨੇ ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ ਵਿੱਚ ਇਸਲਾਮਿਕ ਸਟੇਟ (ਆਈਐਸਆਈਐਸ) ਦੇ ਅੱਤਵਾਦੀਆਂ ਖ਼ਿਲਾਫ਼ “ਤਾਕਤਵਰ ਅਤੇ ਘਾਤਕ” ਹਵਾਈ ਹਮਲੇ ਕੀਤੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਈਸਾਈਆਂ ਦੀ ਹੱਤਿਆ ਰੋਕਣ ਲਈ ਕੀਤੀ ਗਈ ਹੈ।
ਅਮਰੀਕੀ ਰੱਖਿਆ ਵਿਭਾਗ ਨੇ ਦੱਸਿਆ ਕਿ ਨਾਈਜੀਰੀਆ ਸਰਕਾਰ ਦੀ ਮੰਗ ‘ਤੇ ਕੀਤੀ ਗਈ ਇਸ ਕਾਰਵਾਈ ਵਿੱਚ ਕਈ ਆਈਐਸਆਈਐਸ ਅੱਤਵਾਦੀ ਮਾਰੇ ਗਏ ਹਨ, ਹਾਲਾਂਕਿ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਟਰੰਪ ਨੇ ਕਿਹਾ ਕਿ ਇਹ ਹਮਲੇ ਕਰਿਸਮਸ ਦੇ ਦਿਨ ਕੀਤੇ ਗਏ। ਉਸਨੇ ਆਪਣੀ ਟਰੂਥ ਸੋਸ਼ਲ ਪੋਸਟ ਵਿੱਚ ਲਿਖਿਆ, “ਮੈਂ ਪਹਿਲਾਂ ਹੀ ਇਨ੍ਹਾਂ ਅੱਤਵਾਦੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਈਸਾਈਆਂ ਦੀ ਹੱਤਿਆ ਨਾ ਰੋਕੀ ਤਾਂ ਭਿਆਨਕ ਨਤੀਜੇ ਭੁਗਤਣੇ ਪੈਣਗੇ, ਅਤੇ ਅੱਜ ਰਾਤ ਉਹੀ ਹੋਇਆ।”
ਅਮਰੀਕਾ ਅਫ਼ਰੀਕਾ ਕਮਾਂਡ ਨੇ ਵੀ ਐਕਸ (X) ‘ਤੇ ਪੁਸ਼ਟੀ ਕੀਤੀ ਕਿ ਸੋਕੇਟੋ ਰਾਜ ਵਿੱਚ ਨਾਈਜੀਰੀਆਈ ਅਧਿਕਾਰੀਆਂ ਦੀ ਬੇਨਤੀ ‘ਤੇ ਹਮਲਾ ਕਰਕੇ ਕਈ ਆਈਐਸਆਈਐਸ ਅੱਤਵਾਦੀਆਂ ਨੂੰ ਮਾਰਿਆ ਗਿਆ।
ਪੈਂਟਾਗਨ ਮੁਖੀ ਪੀਟ ਹੇਗਸੇਥ ਨੇ ਨਾਈਜੀਰੀਆ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਮਰੀਕੀ ਫੌਜ ਦੀ ਤਿਆਰੀ ਦੀ ਪ੍ਰਸ਼ੰਸਾ ਕੀਤੀ।
ਟਰੰਪ ਦੇ ਕਾਰਜਕਾਲ ਦੌਰਾਨ ਨਾਈਜੀਰੀਆ ਵਿੱਚ ਇਹ ਅਮਰੀਕੀ ਫੌਜੀ ਕਾਰਵਾਈ ਪਹਿਲੀ ਹੈ। ਇਸ ਤੋਂ ਪਹਿਲਾਂ ਟਰੰਪ ਨਾਈਜੀਰੀਆ ਵਿੱਚ ਈਸਾਈਆਂ ਨੂੰ “ਅਸਤਿਤਵਕ ਖ਼ਤਰੇ” ਦਾ ਸਾਹਮਣਾ ਕਰਨ ਦੀ ਗੱਲ ਕਹਿ ਚੁੱਕੇ ਹਨ, ਜਿਸਨੂੰ ਕੁਝ ਲੋਕਾਂ ਨੇ ਧਾਰਮਿਕ ਤਣਾਅ ਵਧਾਉਣ ਵਾਲਾ ਬਿਆਨ ਕਰਾਰ ਦਿੱਤਾ।
ਹਾਲਾਂਕਿ ਨਾਈਜੀਰੀਆ ਸਰਕਾਰ ਅਤੇ ਸੁਤੰਤਰ ਵਿਸ਼ਲੇਸ਼ਕਾਂ ਨੇ ਦੇਸ਼ ਵਿੱਚ ਹੋ ਰਹੀ ਹਿੰਸਾ ਨੂੰ ਸਿਰਫ਼ ਧਾਰਮਿਕ ਜ਼ੁਲਮ ਦੇ ਰੂਪ ਵਿੱਚ ਵੇਖਣ ਤੋਂ ਇਨਕਾਰ ਕੀਤਾ ਹੈ।
ਨਾਈਜੀਰੀਆ ਦੀ ਆਬਾਦੀ ਲਗਭਗ ਅੱਧੀ ਮੁਸਲਮਾਨ ਅਤੇ ਅੱਧੀ ਈਸਾਈ ਹੈ। ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪਿਛਲੇ 15 ਸਾਲਾਂ ਤੋਂ ਬੋਕੋ ਹਰਾਮ ਦੀ ਅੱਤਵਾਦੀ ਹਿੰਸਾ ਜਾਰੀ ਹੈ, ਜਿਸ ਕਾਰਨ 40 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲੱਖਾਂ ਬੇਘਰ ਹੋ ਚੁੱਕੇ ਹਨ। ਇਸਦੇ ਨਾਲ ਹੀ ਉੱਤਰ ਅਤੇ ਕੇਂਦਰੀ ਇਲਾਕਿਆਂ ਵਿੱਚ ਅਪਰਾਧੀ ਗਿਰੋਹਾਂ ਵੱਲੋਂ ਵੀ ਹਮਲੇ ਅਤੇ ਅਗਵਾਹੀਆਂ ਜਾਰੀ ਹਨ।