ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਮੰਗ ਇਤਿਹਾਸਕ ਸਪੱਸ਼ਟਤਾ, ਨੈਤਿਕ ਤਰਕ ਅਤੇ ਪਾਰਟੀ ਦੇ ਪੁਰਾਣੇ ਸਟੈਂਡ ’ਤੇ ਆਧਾਰਿਤ ਹੈ। ਉਨ੍ਹਾਂ ਯਾਦ ਕਰਵਾਇਆ ਕਿ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਲ ਦਿਵਸ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਸਮਰਥਨ ਕੀਤਾ ਸੀ।
ਸਰਨਾ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਰਾਸ਼ਟਰੀ ਮਾਨਤਾ ਮਿਲਣੀ ਚਾਹੀਦੀ ਹੈ ਅਤੇ ਯਾਦਗਾਰੀ ਦਿਨ ਨਾਲ ਜੁੜਿਆ ਨਾਮ ਇਤਿਹਾਸ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ‘ਵੀਰ ਬਾਲ’ ਸ਼ਬਦ ਭਾਵੇਂ ਭਾਵੁਕ ਹੈ ਪਰ ਇਹ ਵਿਆਪਕ ਅਤੇ ਅਸਪਸ਼ਟ ਹੈ, ਜੋ ਉਸ ਖਾਸ ਇਤਿਹਾਸਕ ਘਟਨਾ ਦੀ ਅਸਲੀਅਤ ਨੂੰ ਧੁੰਦਲਾ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਬਚਪਨ ਦੀ ਹਿੰਮਤ ਦਾ ਆਮ ਤਿਉਹਾਰ ਨਹੀਂ, ਸਗੋਂ ਇਕ ਦਰਜ ਸ਼ਹਾਦਤ ਦੀ ਯਾਦ ਹੈ, ਜਿੱਥੇ ਸਾਹਿਬਜ਼ਾਦਿਆਂ ਨੂੰ ਧਰਮ ਤਿਆਗਣ ਤੋਂ ਇਨਕਾਰ ਕਰਨ ਕਾਰਨ ਜ਼ਿੰਦਾ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਮ ਉਸ ਇਤਿਹਾਸਕ ਸੱਚਾਈ ਨੂੰ ਸਿੱਧੇ ਤੌਰ ’ਤੇ ਦਰਸਾਉਂਦਾ ਹੈ।
ਸਰਨਾ ਨੇ ਇਸ ਮੰਗ ਨੂੰ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਦੱਸਣ ਵਾਲੀਆਂ ਗੱਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਯਾਦ ਕਿਸੇ ਇੱਕ ਪਾਰਟੀ ਜਾਂ ਸਰਕਾਰ ਤੱਕ ਸੀਮਿਤ ਨਹੀਂ। ਉਨ੍ਹਾਂ ਜ਼ੋਰ ਦਿੱਤਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਵਰਤੀ ਗਈ ਸ਼ਬਦਾਵਲੀ ਜਨਤਕ ਸਮਝ ਨੂੰ ਕਮਜ਼ੋਰ ਕਰਨ ਦੀ ਬਜਾਏ ਮਜ਼ਬੂਤ ਕਰੇਗੀ ਅਤੇ ਇਹ ਸਿੱਖ ਇਤਿਹਾਸ ਨਾਲ ਜ਼ਿੰਮੇਵਾਰ ਸਾਂਝ ਦਾ ਪ੍ਰਗਟਾਵਾ ਹੈ।