ਮਈ 2025 ਵਿੱਚ ਭਾਰਤ–ਪਾਕਿਸਤਾਨ ਵਿਚਾਲੇ ਬਣੇ ਜੰਗੀ ਤਣਾਅ ਦੌਰਾਨ ਸਰਹੱਦੀ ਖੇਤਰ ਮਮਦੋਟ ਦੇ ਪਿੰਡ ਤਰਾਂ ਵਾਲੀ ਵਿੱਚ 10 ਸਾਲਾ ਬੱਚਾ ਸ਼ਰਵਨ ਸਿੰਘ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟਿਆ ਰਿਹਾ। ਘਰ ਨੇੜੇ ਫੌਜ ਦਾ ਟਿਕਾਣਾ ਹੋਣ ਕਾਰਨ ਉਹ ਦਿਨ ਰਾਤ ਚਾਹ, ਪਾਣੀ, ਲੱਸੀ, ਬਰਫ਼ ਅਤੇ ਘਰ ਦੀਆਂ ਉਗਾਈਆਂ ਸਬਜ਼ੀਆਂ ਫੌਜ ਤੱਕ ਪਹੁੰਚਾਂਦਾ ਰਿਹਾ।
ਉਸ ਦੇ ਸੇਵਾ-ਭਾਵ ਅਤੇ ਹੌਂਸਲੇ ਨੂੰ ਦੇਖਦਿਆਂ ਫੌਜ ਵੱਲੋਂ ਉਸਨੂੰ ਸਨਮਾਨਿਤ ਕੀਤਾ ਗਿਆ ਅਤੇ ਪੜ੍ਹਾਈ ਲਈ ਸ਼ਹਿਰੀ ਨਿੱਜੀ ਸਕੂਲ ਵਿੱਚ ਦਾਖਲਾ ਵੀ ਕਰਵਾਇਆ ਗਿਆ। ਮੀਡੀਆ ਵਿੱਚ ਖ਼ਬਰ ਆਉਣ ਮਗਰੋਂ ਫੌਜ ਦੇ ਉੱਚ ਅਧਿਕਾਰੀਆਂ ਨੇ ਸ਼ਰਵਨ ਨੂੰ 26 ਦਸੰਬਰ ਨੂੰ ਮਨਾਏ ਜਾਣ ਵਾਲੇ ਬਾਲ ਰਾਸ਼ਟਰੀ ਦਿਵਸ ਮੌਕੇ ਪੁਰਸਕਾਰ ਲਈ ਚੁਣਿਆ।
ਅੱਜ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਗੱਡੀ ਰਾਹੀਂ ਅੰਮ੍ਰਿਤਸਰ ਏਅਰਪੋਰਟ ਲਿਜਾਇਆ ਗਿਆ, ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋਵੇਗਾ। ਪਰਿਵਾਰ, ਖ਼ਾਸ ਕਰਕੇ ਮਾਂ, ਦਾਦਾ ਅਤੇ ਭੈਣਾਂ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਫੌਜ ਦਾ ਧੰਨਵਾਦ ਕੀਤਾ।