ਟੋਰਾਂਟੋ ਪੁਲਿਸ ਨੇ 30 ਸਾਲਾ ਭਾਰਤੀ ਮਹਿਲਾ ਹਿਮਾਂਸ਼ੀ ਖੁਰਾਨਾ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਬਦੁਲ ਘਫੂਰੀ ਦੀ ਭਾਲ ਲਈ ਮਨਹੰਟ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਮੁਤਾਬਕ, ਹਿਮਾਂਸ਼ੀ ਖੁਰਾਨਾ ਦੀ ਲਾਸ਼ ਸਟਰਾਚਨ ਐਵੇਨਿਊ ਅਤੇ ਵੇਲਿੰਗਟਨ ਸਟਰੀਟ ਵੈਸਟ ਨੇੜੇ ਇਕ ਰਹਾਇਸ਼ੀ ਘਰ ਵਿੱਚੋਂ ਬਰਾਮਦ ਹੋਈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਘਟਨਾ ਘਰੇਲੂ ਜਾਂ ਨਜ਼ਦੀਕੀ ਸਬੰਧਾਂ ਨਾਲ ਜੁੜੀ ਹਿੰਸਾ (ਇੰਟੀਮੇਟ ਪਾਰਟਨਰ ਵਾਇਲੈਂਸ) ਦਾ ਮਾਮਲਾ ਲੱਗਦਾ ਹੈ, CBC ਨੇ ਰਿਪੋਰਟ ਕੀਤਾ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ, 19 ਦਸੰਬਰ 2025 ਨੂੰ ਰਾਤ ਕਰੀਬ 10.41 ਵਜੇ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਸ਼ਨੀਵਾਰ, 20 ਦਸੰਬਰ ਨੂੰ ਸਵੇਰੇ ਕਰੀਬ 6.30 ਵਜੇ ਪੁਲਿਸ ਨੇ ਘਰ ਦੇ ਅੰਦਰ ਮਹਿਲਾ ਦੀ ਲਾਸ਼ ਲੱਭੀ। ਪੁਲਿਸ ਅਨੁਸਾਰ ਮ੍ਰਿਤਕ ਅਤੇ ਮੁਲਜ਼ਮ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ।
ਮੁੱਖ ਮੁਲਜ਼ਮ ਦੀ ਪਛਾਣ 32 ਸਾਲਾ ਅਬਦੁਲ ਘਫੂਰੀ, ਨਿਵਾਸੀ ਟੋਰਾਂਟੋ, ਵਜੋਂ ਹੋਈ ਹੈ। ਉਸ ਦੇ ਖ਼ਿਲਾਫ ਪਹਿਲੀ ਡਿਗਰੀ ਕਤਲ ਦੇ ਦੋਸ਼ ਹੇਠ ਪੂਰੇ ਕੈਨੇਡਾ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਉਸ ਦੀ ਥਾਂ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਇਸ ਘਟਨਾ ‘ਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਵੀ ਦੁੱਖ ਜਤਾਇਆ ਹੈ। ਐਕਸ (X) ‘ਤੇ ਜਾਰੀ ਬਿਆਨ ਵਿੱਚ ਕਿਹਾ ਗਿਆ, “ਟੋਰਾਂਟੋ ਵਿੱਚ ਨੌਜਵਾਨ ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਨਾ ਦੀ ਹੱਤਿਆ ਨਾਲ ਅਸੀਂ ਗਹਿਰੇ ਦੁੱਖ ਅਤੇ ਸਦਮੇ ਵਿੱਚ ਹਾਂ। ਅਸੀਂ ਉਸਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਕੌਂਸਲੇਟ ਪਿਛਲੇ ਕੁਝ ਦਿਨਾਂ ਤੋਂ ਮਾਮਲੇ ‘ਤੇ ਨਜ਼ਦੀਕੀ ਨਿਗਰਾਨੀ ਰੱਖ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।”
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਫੂਰੀ ਅਤੇ ਖੁਰਾਨਾ ਇੱਕ-ਦੂਜੇ ਨਾਲ ਜਾਣ-ਪਛਾਣ ਵਿੱਚ ਸਨ ਅਤੇ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।