ਇੱਕ ਵਿਰਲੀ ਮੌਸਮੀ ਘਟਨਾ ਦੌਰਾਨ ਸਾਊਦੀ ਅਰਬ ਦੇ ਉੱਤਰੀ ਹਿੱਸਿਆਂ ਵਿੱਚ ਪਿਛਲੇ ਵੀਰਵਾਰ ਅਚਾਨਕ ਬਰਫ਼ਬਾਰੀ ਦਰਜ ਕੀਤੀ ਗਈ। ਤਿੱਖੀ ਗਰਮੀ ਅਤੇ ਸੁੱਕੇ ਰੇਗਿਸਤਾਨਾਂ ਲਈ ਜਾਣੇ ਜਾਂਦੇ ਇਸ ਦੇਸ਼ ਵਿੱਚ ਬਰਫ਼ਬਾਰੀ ਦੀਆਂ ਰਿਪੋਰਟਾਂ ਟਾਬੂਕ ਅਤੇ ਹਾਇਲ ਦੇ ਪਹਾੜੀ ਇਲਾਕਿਆਂ ਤੋਂ ਮਿਲੀਆਂ ਹਨ। ਖ਼ਾਸ ਤੌਰ ‘ਤੇ ਜੋਰਡਨ ਦੀ ਸਰਹੱਦ ਨੇੜੇ ਜਬਲ ਅਲ ਲੌਜ਼ ਖੇਤਰ ਵਿੱਚ ਬਰਫ਼ ਪੈਣ ਦੀ ਖ਼ਬਰ ਆਈ ਹੈ। ਅਲ ਜਜ਼ੀਰਾ ਅਤੇ ਗਲਫ ਟਾਈਮਜ਼ ਵਰਗੇ ਮੀਡੀਆ ਸੰਸਥਾਨਾਂ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ।
ਇਸ ਅਨੋਖੀ ਮੌਸਮੀ ਤਬਦੀਲੀ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲੇ ਅਤੇ ਬਰਫ਼ਬਾਰੀ ਦਾ ਆਨੰਦ ਮਾਣਿਆ। ਸਾਊਦੀ ਅਰਬ, ਜੋ ਆਮ ਤੌਰ ‘ਤੇ ਆਪਣੀ ਭਿਆਨਕ ਗਰਮੀ ਲਈ ਜਾਣਿਆ ਜਾਂਦਾ ਹੈ, ਉੱਥੇ ਬਰਫ਼ੀਲੇ ਨਜ਼ਾਰੇ ਲੋਕਾਂ ਲਈ ਹੈਰਾਨੀ ਦਾ ਕਾਰਨ ਬਣੇ।
ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਲੋਕ ਪਰੰਪਰਾਗਤ ਸੰਗੀਤ ‘ਤੇ ਨੱਚਦੇ, ਦੋਸਤਾਂ ਅਤੇ ਪਰਿਵਾਰਾਂ ਨਾਲ ਸਮਾਂ ਬਿਤਾਉਂਦੇ ਦਿਖਾਈ ਦੇ ਰਹੇ ਹਨ। ਬਰਫ਼ਬਾਰੀ ਤੋਂ ਬਾਅਦ ਭੂਰੇ ਰੇਤਲੇ ਟਿੱਲੇ ਸਫ਼ੈਦ ਚਾਦਰ ਨਾਲ ਢੱਕੇ ਹੋਏ ਨਜ਼ਰ ਆਏ, ਜਿਸ ਨਾਲ ਇਹ ਦ੍ਰਿਸ਼ ਹੋਰ ਵੀ ਮਨਮੋਹਕ ਬਣ ਗਿਆ।