ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ 11ਵੀਂ ਕਲਾਸ ਦੀ ਇੱਕ ਵਿਦਿਆਰਥਣ ਦੀ ਕਥਿਤ ਤੌਰ ‘ਤੇ ਲਗਾਤਾਰ ਫਾਸਟ ਫੂਡ ਖਾਣ ਕਾਰਨ ਮੌਤ ਹੋ ਗਈ। ਅਹਾਨਾ ਨਾਮ ਦੀ ਵਿਦਿਆਰਥਣ ਦੇ ਪੇਟ ਵਿੱਚ ਭਿਆਨਕ ਇੰਫੈਕਸ਼ਨ ਹੋ ਗਿਆ ਸੀ। ਪਹਿਲਾਂ ਉਸਦਾ ਇਲਾਜ ਸਥਾਨਕ ਹਸਪਤਾਲ ਵਿੱਚ ਕਰਵਾਇਆ ਗਿਆ, ਪਰ ਹਾਲਤ ਖਰਾਬ ਹੋਣ ‘ਤੇ ਉਸਨੂੰ ਦਿੱਲੀ ਦੇ ਏਮਜ਼ (AIIMS) ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਅਹਾਨਾ ਨੂੰ ਫਾਸਟ ਫੂਡ ਖਾਣ ਦਾ ਬਹੁਤ ਸ਼ੌਂਕ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਹ ਲਗਾਤਾਰ ਬਾਹਰ ਦਾ ਖਾਣਾ ਖਾ ਰਹੀ ਸੀ। ਉਸਨੇ ਘਰ ਦਾ ਬਣਿਆ ਖਾਣਾ ਲਗਭਗ ਛੱਡ ਦਿੱਤਾ ਸੀ। ਇਸ ਕਾਰਨ ਉਸਨੂੰ ਪੇਟ ਦਰਦ ਰਹਿਣ ਲੱਗ ਪਿਆ ਅਤੇ ਬਾਅਦ ਵਿੱਚ ਇੰਫੈਕਸ਼ਨ ਗੰਭੀਰ ਰੂਪ ਧਾਰ ਗਿਆ। ਹਾਲਾਂਕਿ ਇਸ ਮਾਮਲੇ ‘ਤੇ ਦਿੱਲੀ ਏਮਜ਼ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪੇਟ ਵਿੱਚ ਇੰਫੈਕਸ਼ਨ ਕਿਵੇਂ ਹੋਇਆ?
ਇਹ ਮਾਮਲਾ ਅਮਰੋਹਾ ਦੇ ਮੁਹੱਲਾ ਕਟਕੁਈ ਨਾਲ ਸਬੰਧਿਤ ਹੈ। ਪਰਿਵਾਰ ਮੁਤਾਬਕ ਲਗਾਤਾਰ ਫਾਸਟ ਫੂਡ ਖਾਣ ਕਾਰਨ ਅਹਾਨਾ ਦੀਆਂ ਆੰਤਾਂ ਵਿੱਚ ਗੰਭੀਰ ਸਮੱਸਿਆ ਪੈਦਾ ਹੋ ਗਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸ ਦੀਆਂ ਆੰਤਾਂ ਵਿੱਚ ਸੁਰਾਖ ਹੋ ਗਿਆ ਸੀ, ਜਿਸ ਕਾਰਨ ਉਹ ਜੋ ਵੀ ਖਾਂਦੀ ਸੀ, ਉਹ ਸਰੀਰ ਵਿੱਚ ਨਹੀਂ ਟਿਕਦਾ ਸੀ। ਦਿੱਲੀ ਏਮਜ਼ ਵਿੱਚ ਪ੍ਰੋਫੈਸਰ ਸੁਨੀਲ ਸੁੰਭਾ ਦੀ ਦੇਖ-ਰੇਖ ਹੇਠ ਉਸਦਾ ਇਲਾਜ ਚੱਲ ਰਿਹਾ ਸੀ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਅਹਾਨਾ ਦੀ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਉਸਦੇ ਪਿਤਾ ਸਾਜਿਦ ਖ਼ਾਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖਣ ਅਤੇ ਘਰ ਦਾ ਬਣਿਆ ਖਾਣਾ ਹੀ ਖਵਾਉਣ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਰੇ ਮਾਪਿਆਂ ਲਈ ਇੱਕ ਚੇਤਾਵਨੀ ਹੈ।
ਇਸ ਮਾਮਲੇ ਬਾਰੇ ਅਮਰੋਹਾ ਸੀਐਚਸੀ ਵਿੱਚ ਤੈਨਾਤ ਸੀਨੀਅਰ ਫਿਜ਼ੀਸ਼ੀਅਨ ਮੁਮਤਾਜ਼ ਅੰਸਾਰੀ ਨੇ ਕਿਹਾ ਕਿ ਲਗਾਤਾਰ ਫਾਸਟ ਫੂਡ ਖਾਣ ਨਾਲ ਬੱਚਿਆਂ ਦੀ ਇਮਿਊਨਿਟੀ ‘ਤੇ ਸਿੱਧਾ ਅਸਰ ਪੈਂਦਾ ਹੈ ਅਤੇ ਆੰਤਾਂ ਵਿੱਚ ਗੰਭੀਰ ਇੰਫੈਕਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ, ਜੋ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।