ਪੰਜਾਬੀ ਸੰਗੀਤ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੁਰਨ ਸ਼ਾਹ ਕੋਟੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਪੁਰਨ ਸ਼ਾਹ ਕੋਟੀ ਜਲੰਧਰ ਦੇ ਦਿਓਲ ਨਗਰ ਵਿੱਚ ਆਪਣੇ ਪੁੱਤਰ ਮਾਸਟਰ ਸਲੀਮ ਨਾਲ ਰਹਿੰਦੇ ਸਨ।
ਮਿਲੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਜਲੰਧਰ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਪੁਰਨ ਸ਼ਾਹ ਕੋਟੀ ਸਿਰਫ਼ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ, ਸਗੋਂ ਪੰਜਾਬੀ ਸੰਗੀਤ ਦੇ ਕਈ ਮੰਨੇ-ਪ੍ਰਮੰਨੇ ਗਾਇਕਾਂ ਦੇ ਗੁਰੂ ਵੀ ਰਹੇ। ਉਨ੍ਹਾਂ ਕੋਲੋਂ ਹੰਸਰਾਜ ਹੰਸ ਅਤੇ ਜਸਬੀਰ ਜੱਸੀ ਵਰਗੇ ਪ੍ਰਸਿੱਧ ਗਾਇਕਾਂ ਨੇ ਗਾਇਕੀ ਦੀ ਤਾਲੀਮ ਹਾਸਲ ਕੀਤੀ। ਖ਼ਾਸ ਤੌਰ ’ਤੇ ਹੰਸਰਾਜ ਹੰਸ ਨਾਲ ਉਨ੍ਹਾਂ ਦਾ ਗਹਿਰਾ ਨਾਤਾ ਰਿਹਾ, ਜਿਸ ਦੀ ਗਵਾਹੀ ਦੋਹਾਂ ਦੀਆਂ ਕਈ ਸਾਂਝੀਆਂ ਤਸਵੀਰਾਂ ਕਰਦੀਆਂ ਹਨ ਜੋ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।
ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਕਈ ਕਲਾਕਾਰਾਂ ਸਮੇਤ ਪ੍ਰਸ਼ੰਸਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਮਾਸਟਰ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪੁਰਨ ਸ਼ਾਹ ਕੋਟੀ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੇ ਇੱਕ ਅਨਮੋਲ ਗੁਰੂ ਅਤੇ ਮਾਰਗਦਰਸ਼ਕ ਨੂੰ ਖੋ ਦਿੱਤਾ ਹੈ।