ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀਆਈਏ-ਸਟਾਫ ਟੀਮ ਨੇ ਇੱਕ ਅਹਿਮ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਟਲ (32 ਬੋਰ) ਅਤੇ 6 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਏਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਅਤੇ ਏਸੀਪੀ ਜਯੰਤ ਪੁਰੀ ਦੀ ਨਿਗਰਾਨੀ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ (ਇੰਚਾਰਜ ਸੀਆਈਏ ਸਟਾਫ ਜਲੰਧਰ) ਦੀ ਅਗਵਾਈ ਵਿੱਚ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਮੁਤਾਬਕ 21.12.2025 ਨੂੰ ਸੀਆਈਏ-ਸਟਾਫ ਦੀ ਟੀਮ ਨੇ ਨਾਖਾ ਵਾਲੇ ਬਾਗ, ਜਲੰਧਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰੋਹਨ ਕਲਿਆਣ ਪੁੱਤਰ ਰਵੀ ਕਲਿਆਣ ਵਾਸੀ ਬੂਟਾ ਪਿੰਡ, ਜਲੰਧਰ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਪੁੱਤਰ ਰਿੰਕੂ ਸਾਰਕੀ ਵਾਸੀ ਬੂਟਾ ਮੰਡੀ, ਜਲੰਧਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਰੋਸ਼ਨ ਸਾਰਕੀ ਕੋਲੋਂ 2 ਪਿਸਟਲ 32 ਬੋਰ ਅਤੇ 4 ਜਿੰਦਾ ਰੌਂਦ, ਜਦਕਿ ਰੋਹਨ ਕਲਿਆਣ ਕੋਲੋਂ 1 ਪਿਸਟਲ 32 ਬੋਰ ਅਤੇ 2 ਜਿੰਦਾ ਰੌਂਦ ਬਰਾਮਦ ਹੋਏ। ਇਸ ਮਾਮਲੇ ਵਿੱਚ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਮੁਕੱਦਮਾ ਨੰਬਰ 207 ਮਿਤੀ 21.12.2025 ਅਧੀਨ ਧਾਰਾਵਾਂ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਰੋਹਨ ਕਲਿਆਣ ਖ਼ਿਲਾਫ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿੱਚ ਕੇਸ ਦਰਜ ਹੈ ਅਤੇ ਉਹ ਉਸ ਮਾਮਲੇ ਵਿੱਚ ਭਗੌੜਾ ਕਰਾਰ ਸੀ। ਦੋਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਕਮਿਸ਼ਨਰ ਪੁਲਿਸ ਨੇ ਦੋਹਰਾਇਆ ਕਿ ਜਲੰਧਰ ਪੁਲਿਸ ਸ਼ਹਿਰ ਵਿੱਚ ਕਾਨੂੰਨ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।