Sunday, 29 November 2026
BREAKING
• ਮੁਹਾਲੀ ਦੇ ਤਿੰਨ ਪਿੰਡਾਂ ਵਿੱਚ 651 ਪ੍ਰਾਪਰਟੀ ਕਾਰਡ ਵੰਡੇ ਗਏ — ਵਿਧਾਇਕ ਕੁਲਵੰਤ ਸਿੰਘ • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ‘ਆਪ’ ਨੇ ਦੋ ਸੂਚੀਆਂ ਵਿੱਚ 17 ਉਮੀਦਵਾਰ ਐਲਾਨੇ • ਰਾਏਕੋਟ ਦੇ ਕਈ ਇਲਾਕਿਆਂ ਵਿੱਚ 27 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ • ਡਾਕ ਸੇਵਾਵਾਂ ਲਈ 1,141 ਕਰੋੜ ਅਤੇ ਡਾਕ ਵਿਭਾਗ ਦੀਆਂ ਇਮਾਰਤਾਂ ਲਈ 1,491 ਕਰੋੜ ਰੁਪਏ ਮਨਜ਼ੂਰ • ਭਾਰਤ ਵਿੱਚ ਉਸਾਰੀ ਮਸ਼ੀਨਰੀ ਬਣਾਉਣ ਲਈ 11,000 ਕਰੋੜ ਰੁਪਏ ਦੀ ਯੋਜਨਾ ਮਨਜ਼ੂਰ • ਜਨਕਪੁਰ ਧਾਮ ਤੋਂ ਅਯੁੱਧਿਆ ਲਈ ਰੇਲਗੱਡੀ ਨੂੰ ਹਰੀ ਝੰਡੀ, ਹਫ਼ਤਾਵਾਰੀ ਸੇਵਾ 28 ਨਵੰਬਰ ਤੋਂ • ਭਾਰਤ ਵਿੱਚ ਐੱਚਪੀਵੀ ਟੀਕੇ ਦੀਆਂ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ • ਜੇਈਈ ਮੇਨ 2027 ਲਈ ਲੇਟ ਫ਼ੀਸ ਨਾਲ ਅਰਜ਼ੀਆਂ ਸ਼ੁਰੂ, 26 ਨਵੰਬਰ ਤੱਕ ਮੌਕਾ • ਪੰਜਾਬ ਪੁਲਿਸ ਵੱਲੋਂ 581 ਥਾਵਾਂ ’ਤੇ ਛਾਪੇ, 243 ਗ੍ਰਿਫ਼ਤਾਰੀਆਂ ਤੇ ਪੰਜ ਹਥਿਆਰ ਬਰਾਮਦ • ਖੰਨਾ ਵਿੱਚ ਦੋ ਏਟੀਐੱਮ ਨਿਸ਼ਾਨਾ ਬਣੇ, ਸਮਰਾਲਾ ਰੋਡ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

Article

ਗੁਰੂ, ਖਾਲਸੇ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੱਕ ਦਾ ਸਫਰ

Updated on Saturday, December 20, 2025 14:16 PM IST

ਸਿੱਖ ਇਤਿਹਾਸ ਦ੍ਰਿੜ੍ਹ ਨਿਸਚਾ, ਦ੍ਰਿੜ੍ਹ ਵਿਸਵਾਸ,ਨਾ ਡਰਨਾ ਨਾ ਡਰਾਉਣਾ ਅਤੇ ਮਜਲੂਮ ਦੀ ਰੱਖਿਆ ਵਰਗੇ ਸਦਗੁਣਾਂ ਨਾਲ ਭਰਪੂਰ  ਅਤੇ ਲਾਸਾਨੀ ਸ਼ਹਾਦਤਾਂ ਨਾਲ ਮਾਲਾ-ਮਾਲ ਖਜਾਨਾ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਨ੍ਹਾਂ ਹੀ ਮਹਾਨ ਸਦਗੁਣਾਂ ਦਾ ਪਰਤੱਖ ਪ੍ਰਮਾਣ ਹੈ। ਗੁਰੂ ਸਾਹਿਬ ਦੇ ਜੀਵਨ ਵਿੱਚ ਅਨੇਕਾਂ ਜੁੱਧ ਆਏ, ਪਰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਹੋਇਆ ਜੁੱਧ ਸਿੱਖ ਇਤਿਹਾਸ ਦਾ ਇੱਕ ਅਜਿਹਾ ਦਰਦਨਾਕ ਪਰ ਗੌਰਵਮਈ ਅਧਿਆਇ ਹੈ, ਜਿਸ ਨੇ ਖ਼ਾਲਸੇ ਦੀ ਆਤਮਿਕ ਤੇ ਸੈਨਿਕ ਸ਼ਕਤੀ ਨੂੰ ਮਜਬੂਤੀ ਨਾਲ ਸੰਸਾਰ ਸਾਹਮਣੇ ਉਜਾਗਰ ਕੀਤਾ। ਸ੍ਰੀ ਅਨੰਦਪੁਰ ਸਾਹਿਬ, ਖ਼ਾਲਸਾ ਪੰਥ ਦੀ ਜਨਮ ਭੂਮੀ ਅਤੇ ਮਲਕੀਅਤ ਹੈ, ਕਿਉਕਿ ਇਹ ਪਵਿੱਤਰ ਨਗਰੀ ਦਸਵੇਂ ਪਾਤਸ਼ਾਹ ਦੇ ਗੁਰੂ ਪਿਤਾ ਜੀ, ਭਾਵ ਨੌਂਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਜਮੀਨ ਮੁੱਲ ਖਰੀਦ ਕੇ ਵਸਾਈ ਗਈ ਸੀ।ਇਹ ਨਗਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੇਂਦਰੀ ਠਿਕਾਣਾ ਹੋਣ ਕਰਕੇ ਇੱਥੇ ਹੀ ਉਹਨਾਂ ਨੇ ਮਜਲੂਮ ਦੀ ਰੱਖਿਆ ਲਈ ਖ਼ਾਲਸਾ ਪੰਥ ਦੀ ਸਾਜਨਾ ਵਰਗਾ ਅਲੌਕਿਕ ਵਰਤਾਰਾ ਰਚਿਆ।ਇਹ ਉਹ ਸਮਾ ਸੀ ਜਦੋ ਪਾਤਸ਼ਾਹ ਨੇ ਦੁਨੀਆਂ ਦੇ ਪਹਿਲੇ ਰਾਜਸੀ ਅਤੇ ਧਾਰਮਿਕ ਇਨਕਲਾਬ ਦੇ ਬਾਨੀ ਹੋਣ ਦਾ ਮਾਣ ਹਾਸਲ ਕਰਕੇ ਨਿਤਾਣੇ ਲਤਾੜੇ ਗਰੀਬ ਲੋਕਾਂ ਨੂੰ  ਸਰਦਾਰੀਆਂ ਦੀ ਬਖਸ਼ਿਸ਼ ਕੀਤੀ।।ਗੁਰੂ ਸਾਹਿਬ ਦੀ ਇਹੋ ਗੱਲ ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਨੂੰ ਕਦੇ ਵੀ ਰਾਸ ਨਹੀਂ ਆਈ। ਗੁਰੂ ਸਾਹਿਬ ਦੀ ਵੱਧ ਰਹੀ ਸ਼ਕਤੀ ਅਤੇ ਲੋਕਾਂ ਵਿੱਚ ਪ੍ਰਭਾਵ ਨੂੰ ਦੇਖ ਕੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕਰ ਦਿੱਤੀ। ਇਹ ਘੇਰਾਬੰਦੀ ਕਈ ਮਹੀਨਿਆਂ ਤੱਕ ਚੱਲੀ। ਕਿਲ੍ਹੇ ਅੰਦਰ ਭੁੱਖ, ਪਿਆਸ ਅਤੇ ਤੰਗੀ ਦੇ ਹਾਲਾਤ ਬਣ ਗਏ। ਬੱਚੇ, ਬੁਜ਼ੁਰਗ ਅਤੇ ਸਿੰਘ ਭੁੱਖ ਨਾਲ ਜੂਝ ਰਹੇ ਸਨ, ਪਰ ਫਿਰ ਵੀ ਗੁਰੂ ਸਾਹਿਬ ਦਾ ਖ਼ਾਲਸਾ ਡਟਿਆ ਰਿਹਾ। ਆਖ਼ਿਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਖਾ ਕੇ, ਕੁਰਾਨ ਅਤੇ ਗਊ ਦੀ ਸੌਂਹ ਦੇ ਕੇ ਇਹ ਭਰੋਸਾ ਦਿਵਾਇਆ ਕਿ ਜੇ ਗੁਰੂ ਸਾਹਿਬ ਕਿਲਾ ਖਾਲੀ ਕਰ ਦੇਣ, ਤਾਂ ਉਨ੍ਹਾਂ ’ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ।ਭਾਂਵੇਂ ਗੁਰੂ ਸਾਹਿਬ ਕਿਲਾ ਖਾਲੀ ਨਹੀ ਸੀ ਕਰਨਾ ਚਾਹੁੰਦੇ,ਕਿਉਂਕਿ ਉਹ ਮੁਗਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀ  ਬਦਨੀਤੀ ਨੂੰ ਚੰਗੀ ਤਰਾਂ ਜਾਣਦੇ ਸਮਝਦੇ ਸਨ,ਪਰੰਤੂ ਖ਼ਾਲਸੇ ਦੀ ਸਲਾਹ ਅਤੇ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਖਾਲੀ ਕਰਨ ਦਾ ਫ਼ੈਸਲਾ ਕੀਤਾ।ਅਖੀਰ 20 ਦਸੰਬਰ (6 ਪੋਹ) ਦਾ ਉਹ ਸੁਰਖ ਸਵੇਰਾ ਆਇਆ ਜਦੋ ਗੁਰੂ ਸਾਹਿਬ ਅਪਣੇ ਸਿੰਘਾਂ ਦੇ ਕਹਿਣ ਤੇ ਅਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਲਾ ਖਾਲੀ ਕਰਕੇ ਬਿਖੜੇ ਪੈਡਿਆ ਤੇ ਨਿਕਲ ਤੁਰੇ ਸਨ। ਗੁਰੂ ਸਾਹਿਬ ਦਾ ਇਹ ਫ਼ੈਸਲਾ ਉਹਨਾਂ ਦੀ ਕਮਜੋਰੀ ਜਾਂ ਮੌਤ ਤੋ ਭੱਜਣ ਦਾ ਡਰ ਨਹੀ, ਬਲਕਿ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਅੰਦਰਲੇ ਸਿੰਘਾਂ ਦੀ ਮਨੋਦਿਸਾਂ ਦੇ ਮੱਦੇਨਜਰ ਇੱਕ ਦੂਰਦਰਸ਼ੀ ਸੋਚ ਸੀ।ਸ਼ਾਹੀ ਫੌਜਾਂ ਵੱਲੋਂ ਕਸਮਾਂ ਤੋੜ ਕੇ ਗੁਰੂ ਸਾਹਿਬ ਦਾ ਪਿਛਾ ਕਰਕੇ ਸਰਸਾ ਨਦੀ ਪਾਰ ਕਰਨ ਸਮੇ ਕੀਤੇ ਹਮਲੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ,ਓਥੇ ਗੁਰੂ ਕੇ ਬਹੁਤ ਸਾਰੇ ਸਿੱਖ ਜਾਂ ਤਾਂ ਲੜਾਈ ਵਿੱਚ ਸ਼ਹੀਦੀਆਂ ਪਾ ਗਏ ਜਾਂ ਸਰਸਾ ਦੇ ਤੇਜ ਵਹਾਉ ਵਿੱਚ ਹੜ ਗਏ।  ਕਿਉਂਕਿ ਹਨੇਰੀ ਰਾਤ, ਮੀਂਹ ਅਤੇ ਨਦੀ ਦੇ ਉਫਾਨ ਨੇ ਹਾਲਾਤ ਹੋਰ ਵੀ ਭਿਆਨਕ ਬਣਾ ਦਿੱਤੇ।ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਖ਼ਾਲਸਾ ਦਲ ਵਿਖਰ ਗਿਆ। ਕੁੱਝ ਸਿੰਘ ਨਦੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ, ਬਹੁਤ ਸਾਰੇ ਸਿੰਘ ਮੁਗਲਾਂ ਨਾਲ ਲੜਦੇ ਸ਼ਹੀਦੀਆਂ ਪਾ ਗਏ। ਇਸ ਅਸਥਾਨ ਤੋ 21 ਦਸੰਬਰ (7 ਪੋਹ) ਵਾਲੇ ਦਿਨ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਗੰਗੂ ਰਸੋਈਏ ਨਾਲ ਉਹਦੇ ਪਿੰਡ ਖੇੜੀ (ਸਹੇੜੀ)ਚਲੇ ਗਏ,ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਚਲੇ ਗਏ।ਇਹ ਵਿਛੋੜਾ ਸਿਰਫ਼ ਪਰਿਵਾਰਕ ਨਹੀਂ ਸੀ, ਸਗੋਂ ਸਿੱਖ ਇਤਿਹਾਸ ਵਿੱਚ ਖਾਲਸਾ ਪੰਥ ਲਈ ਸਭ ਤੋਂ ਦੁੱਖਦਾਈ ਸਮਾ ਸੀ, ਪਰ ਗੁਰੂ ਸਾਹਿਬ ਦਾ ਹੌਸਲਾ ਅਡੋਲ ਰਿਹਾ,ਜਿਸ ਨੇ ਇਸ ਅਤਿ ਦੁਖਦਾਈ ਸਮੇ ਨੂੰ ਵੀ ਖਾਲਸਾ ਪੰਥ ਲਈ ਪਰੇਰਨਾ ਦਾ ਸੁਨਹਿਰੀ ਸਮਾ ਬਣਾ ਦਿੱਤਾ,ਜਿਹੜਾ ਰਹਿੰਦੀ ਦੁਨੀਆਂ ਤੱਕ ਜਿੱਥੇ ਖਾਲਸਾ ਪੰਥ ਨੂੰ ਜਬਰ ਜੁਲਮ ਦੇ ਖਿਲਾਫ ਜੂਝਣ ਦੀ ਪਰੇਰਨਾ ਦਿੰਦਾ ਰਹੇਗਾ,ਓਥੇ ਸੰਸਾਰ ਦੇ ਲੋਕਾਂ ਨੂੰ ਸਿੱਖੀ ਦੀਆਂ ਮਜਬੂਤ ਨੀਹਾਂ ਤੋ ਜਾਣੂ ਵੀ ਕਰਵਾਉਂਦਾ ਰਹੇਗਾ। ਸਰਸਾ ਨਦੀ ਦੇ ਕੰਢੇ ਖ਼ਾਲਸੇ ਨੇ ਅਦਭੁਤ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਿੰਘਾਂ ਨੇ ਮੁਗਲਾਂ ਅਤੇ ਪਹਾੜੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਇਹ ਲੜਾਈ ਕਿਸੇ ਕਿਲ੍ਹੇ ਲਈ ਨਹੀਂ, ਸਗੋਂ ਧਰਮ, ਸੱਚ ਅਤੇ ਇਨਸਾਫ਼ ਲਈ ਸੀ। ਸਿੰਘਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਸਰੀਰ ਨਸ਼ਟ ਹੋ ਸਕਦਾ ਹੈ, ਪਰ ਖ਼ਾਲਸਾ ਕਦੇ ਮਿਟ ਨਹੀਂ ਸਕਦਾ। ਇਕੱਲਾ ਇਕੱਲਾ ਸਿੰਘ ਸੈਂਕੜੇ ਦੁਸ਼ਮਣਾਂ ’ਤੇ ਭਾਰੀ ਪੈ ਰਿਹਾ ਸੀ। ਸਰਸਾ ਨਦੀ ’ਤੇ ਹੋਇਆ ਇਹ ਜੁੱਧ ਸਿੱਖ ਇਤਿਹਾਸ ਵਿੱਚ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਖ਼ਾਲਸੇ ਦੀ ਆਤਮਿਕ ਸ਼ਕਤੀ ਦੀ ਅਸਲ ਪਰਖ ਹੋਈ ਸੀ। ਇੱਥੇ ਇਹ ਵੀ ਸਪੱਸਟ ਹੋ ਗਿਆ ਕਿ ਅਕਾਲ ਪੁਰਖ ਦੀ ਮੌਜ ਨਾਲ ਪਰਗਟ ਹੋਇਆ ਖ਼ਾਲਸਾ ਝੂਠੀਆਂ ਕਸਮਾਂ ਜਾਂ ਧੋਖੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਜੁੱਧ ਤੋਂ ਬਾਅਦ ਸਿੱਖ ਸੰਘਰਸ਼ ਹੋਰ ਤੇਜ਼ ਹੋਇਆ। ਇਹੀ ਸੰਘਰਸ਼ ਅੱਗੇ ਚੱਲ ਕੇ ਚਮਕੌਰ ਦੀ ਗੜ੍ਹੀ, ਸਰਹਿੰਦ ਅਤੇ  ਆਖਿਰਕਾਰ ਮੁਗਲ ਸਲਤਨਤ ਦੀਆਂ ਨੀਂਹਾਂ ਪੁੱਟ ਕੇ ਹਲੇਮੀ ਖਾਲਸਾ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋਇਆ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਤੋਂ ਬਾਅਦ ਸਰਸਾ ਨਦੀ ’ਤੇ ਹੋਇਆ ਜੁੱਧ ਸਿਰਫ਼ ਇੱਕ ਲੜਾਈ ਨਹੀਂ ਸੀ, ਸਗੋਂ ਧਰਮ ਅਤੇ ਅਧਰਮ ਵਿਚਕਾਰ ਭਿਆਨਕ ਟਕਰਾਅ ਸੀ।ਗੁਰੂ ਸਾਹਿਬ ਸਰਸਾ ਨਦੀ ਤੇ ਹੋਏ ਯੁੱਧ ਦੌਰਾਨ ਜਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ(ਰੋਪੜ) ਨਿਹੰਗ ਖਾਂ ਕੋਲ ਇਲਾਜ ਲਈ ਛੱਡ ਕੇ ਅਗਲੇ ਦਿਨ ਭਾਵ 21 ਦਸੰਬਰ( 7 ਪੋਹ) ਨੂੰ ਆਪ ਵੱਡੇ ਸਾਹਿਬਜ਼ਾਦਿਆਂ,ਪੰਜ ਪਿਆਰਿਆਂ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ) ਤੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਕੋਈ 40,42 ਸਿੰਘਾਂ ਦੇ ਨਿੱਕੇ ਜਿਹੇ ਜਥੇ ਨਾਲ ਚਮਕੌਰ ਵੱਲ ਚਲੇ ਗਏ ਜਿੱਥੇ ਜਾ ਕੇ ਉਹਨਾਂ ਚਮਕੌਰ ਦੀ ਕੱਚੀ ਗੜੀ ਨੂੰ ਭਾਗ ਲਾਏ। ਦੁਨੀਆਂ ਦੇ ਪਹਿਲੇ ਧਾਰਮਿਕ ਅਤੇ ਰਾਜਸੀ ਇਨਕਲਾਬ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਾਬਤ ਕਰ ਦਿੱਤਾ ਕਿ ਸੱਚ ਦਾ ਰਾਹ ਔਖਾ ਜਰੂਰ ਹੁੰਦਾ ਹੈ, ਪਰ ਜਿੱਤ ਅਖੀਰ ਨੂੰ ਸੱਚ ਦੀ ਹੀ ਹੋਣੀ ਹੁੰਦੀ ਹੈ। ਸਰਸਾ ਨਦੀ ਦੇ ਕੰਢੇ ਦਿੱਤੀਆਂ ਕੁਰਬਾਨੀਆਂ ਸਿੱਖ ਕੌਮ ਲਈ ਸਦਾ ਪ੍ਰੇਰਣਾ ਦਾ ਸਰੋਤ ਰਹਿਣਗੀਆਂ। ਦਸਵੇ ਪਾਤਸ਼ਾਹ ਦੀ ਖਾਲਸਾ ਫੌਜ ਵੱਲੋਂ ਲੜਿਆ ਗਿਆ ਇਹ ਅਸਾਵਾਂ ਜੁੱਧ ਧੋਖੇ, ਜ਼ੁਲਮ ਅਤੇ ਅਨਿਆਏ ਦੇ ਖਿਲਾਫ ਅਡੋਲਤਾ ਨਾਲ ਲੜਦੇ ਰਹਿਣ ਦੀ ਪਰੇਰਨਾ ਦਿੰਦਾ ਹੈ। ਸਰਸਾ ਨਦੀ ਦਾ ਜੁੱਧ ਸਿੱਖ ਇਤਿਹਾਸ ਵਿੱਚ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਖਾਲਸੇ ਦੀ ਅਸਲੀ ਪਰਖ ਹੋਈ। ਥੋੜ੍ਹੀ ਗਿਣਤੀ, ਘੱਟ ਸਾਧਨ ਅਤੇ ਭਾਰੀ ਵਿਰੋਧ ਦੇ ਬਾਵਜੂਦ ਭੁੱਖੇ ਪਿਆਸੇ ਸ਼ਰਧਾਵਾਨ ਸਿੱਖਾਂ ਨੇ ਹਿੰਮਤ ਨਹੀਂ ਹਾਰੀ। ਇਹ ਅਸਾਵੀਂ ਲੜਾਈ ਦਰਸਾਉਂਦੀ ਹੈ ਕਿ ਜ਼ੁਲਮ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਐਪਰ ਆਪਣੇ ਗੁਰੂ ‘ਤੇ ਅਤੁੱਟ ਭਰੋਸ਼ਾ ਰੱਖ ਕੇ ਸੱਚ ਦੇ ਰਾਹ ‘ਤੇ ਚੱਲਣ ਵਾਲੇ ਕਦੇ ਹਾਰਿਆ ਨਹੀ ਕਰਦੇ,ਬਲਕਿ ਗੁਰੂ ਭਰੋਸ਼ੇ ਸਦਕਾ ਜਿੱਤ ਦੇ ਝੰਡੇ ਗੱਡਣ ਵਿੱਚ ਸਫਲ ਹੁੰਦੇ ਹਨ।ਸ੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੱਕ ਦਾ ਇਹ ਸੰਘਰਸ਼ ਸਿਰਫ਼ ਇਕ ਇਤਿਹਾਸਕ ਘਟਨਾ ਨਹੀਂ, ਸਗੋਂ ਇਹ ਸਿੱਖ ਕੌਮ ਦੀ ਆਤਮਾ ਦਾ ਸੁਨਹਿਰੀ ਸੱਚ ਹੈ। ਇਸ ਅਸਾਵੇਂ ਯੁੱਧ ਨੇ ਇਹ ਸਦੀਵੀ ਸੱਚ ਨੂੰ  ਉੱਭਰਵੇਂ ਰੂਪ ਵਿੱਚ  ਪਰਗਟ ਕਰ ਦਿੱਤਾ ਕਿ ਸੱਤਾ ਕਦੇ ਵੀ ਸੱਚ ਨੂੰ ਬਰਦਾਸਤ ਨਹੀ ਕਰ ਸਕਦੀ ਅਤੇ ਨਾ ਹੀ ਭਰੋਸੇਯੋਗ ਹੋ ਸਕਦੀ ਹੈ,ਪਰੰਤੂ ਇਹਦੇ ਮੁਕਾਬਲੇ ਖੜਨ ਵਾਲੇ ਸੱਚ ਦੇ ਪੁਜਾਰੀ ਇੱਕ ਨਾ ਇੱਕ ਦਿਨ ਆਪਣੇ ਨਿਸਾਨੇ ਨੂੰ ਜਰੂਰ ਸਰ ਕਰ ਲੈਂਦੇ ਹਨ।

ਬਘੇਲ ਸਿੰਘ ਧਾਲੀਵਾਲ

Have something to say? Post your comment
X