ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲੋਬਲ ਫਾਰਮਾ ਮਾਰਕੀਟ ਵਿੱਚ ਐਸਾ ਫੈਸਲਾ ਲਿਆ ਹੈ, ਜਿਸ ਦੀ ਗੂੰਜ ਭਾਰਤ ਤੱਕ ਸੁਣੀ ਜਾ ਰਹੀ ਹੈ। ਟਰੰਪ ਨੇ ਅਮਰੀਕਾ ਵਿੱਚ ਮਿਲਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ 300 ਫੀਸਦੀ ਤੋਂ 700 ਫੀਸਦੀ ਤੱਕ ਦੀ ਇਤਿਹਾਸਕ ਕਟੌਤੀ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਇੱਕ ਪਾਸੇ ਅਮਰੀਕੀ ਲੋਕਾਂ ਨੂੰ ਰਾਹਤ ਮਿਲੀ ਹੈ, ਉਥੇ ਹੀ ਭਾਰਤੀ ਦਵਾਈ ਨਿਰਯਾਤਕਾਂ ਦੀ ਚਿੰਤਾ ਵਧ ਗਈ ਹੈ।
‘ਜੋ ਦੁਨੀਆ ‘ਚ ਸਭ ਤੋਂ ਸਸਤਾ, ਉਹੀ ਅਮਰੀਕਾ ‘ਚ’
ਵਾਸ਼ਿੰਗਟਨ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਹੁਣ ਅਮਰੀਕਾ ਦਵਾਈਆਂ ਲਈ ਵੱਡੀ ਰਕਮ ਨਹੀਂ ਦੇਵੇਗਾ। ਟਰੰਪ ਨੇ ਕਿਹਾ, “ਦਹਾਕਿਆਂ ਤੋਂ ਅਮਰੀਕੀ ਲੋਕ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਸਨ, ਪਰ ਹੁਣ ਨਹੀਂ। ਅਸੀਂ ‘ਮੋਸਟ ਫੇਵਰਡ ਨੇਸ਼ਨ’ (MFN) ਪ੍ਰਾਈਸਿੰਗ ਲਾਗੂ ਕਰ ਰਹੇ ਹਾਂ।”
ਇਸ ਨੀਤੀ ਅਨੁਸਾਰ, ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਦਵਾਈ ਦੀ ਸਭ ਤੋਂ ਘੱਟ ਕੀਮਤ ਹੁਣ ਅਮਰੀਕਾ ਵਿੱਚ ਵੀ ਲਾਗੂ ਹੋਵੇਗੀ।
ਭਾਰਤੀ ਫਾਰਮਾ ਸੈਕਟਰ ਲਈ ਕਿਉਂ ਵਧਿਆ ਖਤਰਾ?
ਭਾਰਤ ਨੂੰ “ਦੁਨੀਆ ਦੀ ਫਾਰਮੇਸੀ” ਕਿਹਾ ਜਾਂਦਾ ਹੈ ਅਤੇ ਭਾਰਤੀ ਕੰਪਨੀਆਂ ਅਮਰੀਕਾ ਨੂੰ ਵੱਡੇ ਪੱਧਰ ‘ਤੇ ਸਸਤੀਆਂ ਜੈਨੇਰਿਕ ਦਵਾਈਆਂ ਸਪਲਾਈ ਕਰਦੀਆਂ ਹਨ। ਟਰੰਪ ਦੇ ਇਸ ਫੈਸਲੇ ਨਾਲ ਭਾਰਤ ‘ਤੇ ਦੋਹਰੀ ਮਾਰ ਪੈ ਸਕਦੀ ਹੈ।
ਪਹਿਲਾਂ, ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਪਹਿਲਾਂ ਹੀ ਦੁਨੀਆ ਵਿੱਚ ਸਭ ਤੋਂ ਘੱਟ ਹਨ। ਜੇ ਅਮਰੀਕਾ ਇਨ੍ਹਾਂ ਕੀਮਤਾਂ ਨੂੰ ਮਿਆਰ ਬਣਾਉਂਦਾ ਹੈ ਤਾਂ ਉੱਥੋਂ ਦੀਆਂ ਕੰਪਨੀਆਂ ਦਾ ਮੁਨਾਫਾ ਘਟੇਗਾ, ਜਿਸ ਦਾ ਅਸਰ ਭਾਰਤੀ ਸਪਲਾਈ ਚੇਨ ‘ਤੇ ਪਵੇਗਾ।
ਦੂਜਾ, ਟਰੰਪ ਨੇ ਸਾਫ਼ ਕੀਤਾ ਹੈ ਕਿ ਹੋਰ ਦੇਸ਼ਾਂ ਨੂੰ ਕੀਮਤਾਂ ਘਟਾਉਣ ਲਈ ਮਜਬੂਰ ਕਰਨ ਵਾਸਤੇ ਟੈਰਿਫ਼ ਦਾ ਸਹਾਰਾ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ, “ਟੈਰਿਫ਼ ਤੋਂ ਬਿਨਾਂ ਅਸੀਂ ਇਹ ਟੀਚਾ ਕਦੇ ਹਾਸਲ ਨਹੀਂ ਕਰ ਸਕਦੇ।”
ਵੱਡੀਆਂ ਫਾਰਮਾ ਕੰਪਨੀਆਂ ਨਾਲ ‘ਇਤਿਹਾਸਕ ਸਮਝੌਤਾ’
ਇਸ ਐਲਾਨ ਸਮੇਂ ਅਮਰੀਕਾ ਦੇ ਸਿਹਤ ਮੰਤਰੀ ਰੋਬਰਟ ਐਫ. ਕੇਨੇਡੀ ਜੂਨੀਅਰ, ਕਾਮਰਸ ਸੈਕਟਰੀ ਹਾਵਰਡ ਲਟਨਿਕ ਅਤੇ ਡਾ. ਮਹਿਮਤ ਓਜ਼ ਮੌਜੂਦ ਸਨ। ਨਾਲ ਹੀ ਨੋਵਾਰਟਿਸ, ਸੈਨੋਫੀ ਅਤੇ GSK ਵਰਗੀਆਂ ਦੁਨੀਆ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਦੇ CEOਜ਼ ਨੇ ਵੀ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ।
ਭਾਰਤ ਲਈ ਕੀ ਬਦਲੇਗਾ?
ਭਾਰਤੀ ਦਵਾਈ ਉਦਯੋਗ ਲਈ ਅਮਰੀਕਾ ਸਭ ਤੋਂ ਵੱਡਾ ਬਾਜ਼ਾਰ ਹੈ। ਕੀਮਤਾਂ ਵਿੱਚ ਵੱਡੀ ਕਟੌਤੀ ਨਾਲ ਭਾਰਤੀ ਕੰਪਨੀਆਂ ਦੇ ਰੇਵਨਿਊ ਅਤੇ ਮੁਨਾਫੇ ‘ਤੇ ਦਬਾਅ ਵਧ ਸਕਦਾ ਹੈ। ਇਸ ਐਲਾਨ ਤੋਂ ਬਾਅਦ ਸਨ ਫਾਰਮਾ, ਡਾ. ਰੈੱਡੀਜ਼ ਅਤੇ ਸਿਪਲਾ ਵਰਗੀਆਂ ਵੱਡੀਆਂ ਭਾਰਤੀ ਕੰਪਨੀਆਂ ਦੇ ਸ਼ੇਅਰਾਂ ‘ਤੇ ਨਿਵੇਸ਼ਕਾਂ ਦੀ ਖਾਸ ਨਜ਼ਰ ਬਣੀ ਹੋਈ ਹੈ।
ਇਸਦੇ ਨਾਲ ਹੀ ਟਰੰਪ ਅਮਰੀਕਾ ਵਿੱਚ ਹੀ ਫਾਰਮਾ ਮੈਨੂਫੈਕਚਰਿੰਗ ਨੂੰ ਵਧਾਵਾ ਦੇਣ ‘ਤੇ ਜ਼ੋਰ ਦੇ ਰਹੇ ਹਨ, ਜਿਸ ਨਾਲ ਭਵਿੱਖ ਵਿੱਚ ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ‘ਚ ਕਮੀ ਆ ਸਕਦੀ ਹੈ।