ਪ੍ਰੋ-ਡੈਮੋਕ੍ਰੇਸੀ ਅੰਦੋਲਨ ਦੇ ਪ੍ਰਮੁੱਖ ਆਗੂ ਅਤੇ ਇਨਕ਼ਿਲਾਬ ਮੰਚਾ ਦੇ ਨੇਤਾ ਸ਼ਰੀਫ਼ ਓਸਮਾਨ ਹਾਦੀ ਦੀ ਸਿੰਗਾਪੁਰ ਦੇ ਹਸਪਤਾਲ ਵਿੱਚ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿੱਚ ਹਾਲਾਤ ਬੇਕਾਬੂ ਹੋ ਗਏ। ਹਾਦੀ ਦੀ ਮ੍ਰਿਤਕ ਦੇਹ ਢਾਕਾ ਪਹੁੰਚਦੇ ਹੀ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਵੱਲੋਂ ਢਾਕਾ ਵਿੱਚ ਦੇਸ਼ ਦੇ ਪ੍ਰਮੁੱਖ ਅਖ਼ਬਾਰ ਡੇਲੀ ਸਟਾਰ ਅਤੇ ਪ੍ਰੋਥੋਮ ਅਲੋ ਦੇ ਦਫ਼ਤਰਾਂ ਸਮੇਤ ਕਈ ਇਮਾਰਤਾਂ ਨੂੰ ਅੱਗ ਲਗਾਈ ਗਈ, ਜਿਸ ਕਾਰਨ ਅੰਦਰ ਫਸੇ ਪੱਤਰਕਾਰਾਂ ਅਤੇ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਅੱਗ ਬੁਝਾਉ ਦਲ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅਤੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪੁਲਿਸ ਮੁਤਾਬਕ ਰੈਡੀਕਲ ਤੱਤਾਂ ਵੱਲੋਂ ਸੱਭਿਆਚਾਰਕ ਸੰਸਥਾਵਾਂ ਅਤੇ ਰਾਜਨੀਤਿਕ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਚਾਟਗਾਂਵ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਹਾਇਸ਼ ‘ਤੇ ਪਥਰਾਅ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਟੀਅਰ ਗੈਸ ਵਰਤ ਕੇ ਭੀੜ ਨੂੰ ਖਦੇੜਿਆ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ।
ਇਸ ਦੇ ਨਾਲ ਹੀ ਮਿਮੈਨਸਿੰਘ ਜ਼ਿਲ੍ਹੇ ਵਿੱਚ ਕਥਿਤ ਧਰਮ ਨਿੰਦਿਆ ਦੇ ਦੋਸ਼ਾਂ ਹੇਠ ਇੱਕ ਹਿੰਦੂ ਨੌਜਵਾਨ ਦੀ ਭੀੜ ਵੱਲੋਂ ਨਿਰਦਈ ਹੱਤਿਆ ਦੀ ਘਟਨਾ ਨੇ ਦੇਸ਼ ਨੂੰ ਝੰਜੋੜ ਦਿੱਤਾ। ਅੰਤਰਿਮ ਸਰਕਾਰ ਨੇ ਦੋਵੇਂ ਘਟਨਾਵਾਂ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਨਵੇਂ ਬੰਗਲਾਦੇਸ਼ ਵਿੱਚ ਹਿੰਸਾ ਅਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।