ਬੰਗਲਾਦੇਸ਼ ਵਿੱਚ ਕਟੜੇ ਵਿਦਿਆਰਥੀ ਨੇਤਾ ਅਤੇ ਚੋਣ ਉਮੀਦਵਾਰ ਸ਼ਰੀਫ਼ ਓਸਮਾਨ ਹਾਦੀ ਦੀ ਮੌਤ ਤੋਂ ਬਾਅਦ ਦੇਰ ਰਾਤ ਕਈ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨ ਭੜਕ ਉੱਠੇ। ਹਾਦੀ, ਜੋ ਭਾਰਤ ਵਿਰੋਧੀ ਬਿਆਨਾਂ ਕਰਕੇ ਜਾਣਿਆ ਜਾਂਦਾ ਸੀ, ਪਿਛਲੇ ਸਾਲ ਹੋਈ ਵਿਦਿਆਰਥੀ ਬਗਾਵਤ ਤੋਂ ਬਾਅਦ ਚਰਚਾ ਵਿੱਚ ਆਇਆ ਸੀ, ਜਿਸ ਕਾਰਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭਾਰਤ ਜਾਣਾ ਪਿਆ ਸੀ।
32 ਸਾਲਾ ਹਾਦੀ ਨੂੰ 12 ਦਸੰਬਰ ਨੂੰ ਢਾਕਾ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਨਕਾਬਪੋਸ਼ ਹਮਲਾਵਰਾਂ ਨੇ ਸਿਰ ਵਿੱਚ ਗੋਲੀ ਮਾਰੀ ਸੀ। ਇਲਾਜ ਲਈ ਉਸਨੂੰ ਸਿੰਗਾਪੁਰ ਲਿਜਾਇਆ ਗਿਆ, ਜਿੱਥੇ ਉਸ ਨੇ ਜ਼ਖ਼ਮਾਂ ਕਾਰਨ ਦਮ ਤੋੜ ਦਿੱਤਾ। ਉਹ ਇਨਕ਼ਿਲਾਬ ਮੰਚਾ ਪਲੇਟਫ਼ਾਰਮ ਦਾ ਬੁਲਾਰਾ ਅਤੇ ਆਮ ਚੋਣਾਂ ਦਾ ਉਮੀਦਵਾਰ ਸੀ।
ਹਾਦੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਹਜ਼ਾਰਾਂ ਪ੍ਰਦਰਸ਼ਨਕਾਰੀ ਢਾਕਾ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨ ਜਲਦੀ ਹੀ ਹਿੰਸਕ ਹੋ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਸਥਿਤ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਦ ਡੇਲੀ ਸਟਾਰ ਅਤੇ ਪ੍ਰੋਥੋਮ ਅਲੋ ਦੇ ਦਫ਼ਤਰਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਮੁਤਾਬਕ ਅੱਗ ਲੱਗਣ ਸਮੇਂ ਕਈ ਪੱਤਰਕਾਰ ਦਫ਼ਤਰਾਂ ਵਿੱਚ ਫਸੇ ਰਹੇ। ਦੋਵਾਂ ਅਖ਼ਬਾਰਾਂ ਨੇ ਅਸਥਾਈ ਤੌਰ ‘ਤੇ ਆਪਣੀਆਂ ਛਪਾਈ ਅਤੇ ਆਨਲਾਈਨ ਸੇਵਾਵਾਂ ਰੋਕ ਦਿੱਤੀਆਂ ਹਨ।
ਚਿੱਟਾਗਾਂਗ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨ ਦੇ ਬਾਹਰ ਵੀ ਪ੍ਰਦਰਸ਼ਨ ਹੋਏ, ਜਿੱਥੇ ਭਾਰਤ ਵਿਰੋਧੀ ਨਾਅਰੇ ਲਗਾਏ ਗਏ। ਰਾਜਸ਼ਾਹੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੰਗਾਬੰਧੂ
ਸ਼ੇਖ ਮੁਜੀਬੁਰ ਰਹਿਮਾਨ ਦੇ ਨਿਵਾਸ ਅਤੇ ਆਵਾਮੀ ਲੀਗ ਦੇ ਦਫ਼ਤਰਾਂ ਨੂੰ ਅੱਗ ਲਾ ਕੇ ਭਾਰੀ ਨੁਕਸਾਨ ਪਹੁੰਚਾਇਆ।
ਤਣਾਅ ਦੇ ਮੱਦੇਨਜ਼ਰ ਕਈ ਇਲਾਕਿਆਂ ਵਿੱਚ ਵਾਧੂ ਪੁਲਿਸ ਅਤੇ ਅਰਧਸੈਨਾ ਬਲ ਤੈਨਾਤ ਕੀਤੇ ਗਏ ਹਨ। ਫਾਇਰ ਬ੍ਰਿਗੇਡ ਨੇ ਦੱਸਿਆ ਕਿ ਅਖ਼ਬਾਰ ਦਫ਼ਤਰਾਂ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਹਾਲਾਂਕਿ ਪੁਲਿਸ ਵੱਲੋਂ ਹਾਲੇ ਤੱਕ ਵਿਸਥਾਰਪੂਰਕ ਬਿਆਨ ਨਹੀਂ ਆਇਆ।
ਹਿੰਸਾ ਦੇ ਨਾਲ ਹੀ ਬੰਗਲਾਦੇਸ਼ ਵਿੱਚ ਭਾਰਤ ਵਿਰੋਧੀ ਮਾਹੌਲ ਹੋਰ ਤੇਜ਼ ਹੋ ਗਿਆ ਹੈ। ਹਾਲ ਹੀ ਵਿੱਚ ਭਾਰਤ ਨੇ ਢਾਕਾ ਸਥਿਤ ਆਪਣੇ ਦੂਤਾਵਾਸ ਨੂੰ ਧਮਕੀਆਂ ਅਤੇ ਬੰਗਲਾਦੇਸ਼ੀ ਨੇਤਾਵਾਂ ਦੇ ਭੜਕਾਉਂਦੇ ਬਿਆਨਾਂ ਦੇ ਮਾਮਲੇ ‘ਚ ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਸਖ਼ਤ ਐਤਰਾਜ਼ ਦਰਜ ਕਰਵਾਇਆ ਸੀ। ਭਾਰਤ ਨੇ ਹਾਦੀ ਦੀ ਹੱਤਿਆ ਨਾਲ ਆਪਣੇ ਸੰਬੰਧ ਹੋਣ ਦੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਇਸ ਦਰਮਿਆਨ ਬੰਗਲਾਦੇਸ਼ ਦੇ ਅੰਤਰਿਮ ਮੁਖੀ ਮੁਹੰਮਦ ਯੂਨਸ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਾਦੀ ਦੀ ਮੌਤ ਦੇਸ਼ ਲਈ ਵੱਡਾ ਨੁਕਸਾਨ ਹੈ ਅਤੇ ਹਿੰਸਾ ਚੋਣ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰ ਸਕਦੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਰਾਜ ਪੱਧਰੀ ਸੋਗ ਦਾ ਐਲਾਨ ਕੀਤਾ ਹੈ।
ਪੁਲਿਸ ਨੇ ਹਾਦੀ ‘ਤੇ ਹਮਲੇ ਦੇ ਦੋ ਮੁੱਖ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜ ਮਿਲੀਅਨ ਟਕਾ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਆਉਣ ਵਾਲੀਆਂ 12 ਫਰਵਰੀ ਦੀਆਂ ਚੋਣਾਂ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਸਕਦਾ ਹੈ।