ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਵਿੱਚ “ਡੈਥ ਸੈਲ” ਵਰਗੀਆਂ ਹਾਲਾਤਾਂ ‘ਚ ਰੱਖ ਕੇ “psychological torture” ਕੀਤਾ ਜਾ ਰਿਹਾ ਹੈ। ਇਹ ਦੋਸ਼ ਉਨ੍ਹਾਂ ਦੇ ਪੁੱਤਰਾਂ ਕਾਸਿਮ ਖਾਨ ਅਤੇ ਸੁਲੈਮਾਨ ਇਸਾ ਖਾਨ ਨੇ ਲਗਾਇਆ ਹੈ। ਸਕਾਈ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਦੋਵਾਂ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਨਾ ਤਾਂ ਆਪਣੇ ਪਿਤਾ ਨੂੰ ਮਿਲ ਸਕੇ ਹਨ ਅਤੇ ਨਾ ਹੀ ਗੱਲ ਕਰ ਸਕੇ ਹਨ, ਜਿਸ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਸ਼ਾਇਦ ਉਹ ਮੁੜ ਕਦੇ ਆਪਣੇ ਪਿਤਾ ਨੂੰ ਵੇਖ ਨਾ ਸਕਣ।
ਕਾਸਿਮ ਖਾਨ ਮੁਤਾਬਕ, ਇਮਰਾਨ ਖਾਨ ਨੂੰ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਇਕਾਂਤ ਕੈਦ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, “ਉਹਨਾਂ ਨੂੰ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ, ਹੈਪੇਟਾਈਟਿਸ ਨਾਲ ਮਰ ਰਹੇ ਕੈਦੀਆਂ ਦੇ ਨੇੜੇ ਰੱਖਿਆ ਗਿਆ ਹੈ, ਹਾਲਾਤ ਬੇਹੱਦ ਗੰਦਲੇ ਹਨ ਅਤੇ ਉਹ ਪੂਰੀ ਤਰ੍ਹਾਂ ਮਨੁੱਖੀ ਸੰਪਰਕ ਤੋਂ ਵੰਚਿਤ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਜੇਲ੍ਹ ਸਟਾਫ਼ ਨੂੰ ਵੀ ਇਮਰਾਨ ਖਾਨ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ, ਜੋ ਕਿ “ਮਨੋਵੈਜ਼ਾਨਕ ਤਸ਼ੱਦਦ ਦੀ ਰਣਨੀਤੀ” ਹੈ।
ਸੁਲੈਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਦਿਨ ਦੇ ਲਗਭਗ 23 ਘੰਟੇ ਇਕੋ ਕੋਠੜੀ ‘ਚ ਬੰਦ ਰੱਖਿਆ ਜਾਂਦਾ ਹੈ ਅਤੇ ਇਸ ਕੋਠੜੀ ਨੂੰ ਉਹ “ਡੈਥ ਸੈਲ” ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਫੌਜ ਦੇ ਬੋਲਪੁਰਸ਼ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਇਮਰਾਨ ਖਾਨ ਹੁਣ ਪੂਰੀ ਤਰ੍ਹਾਂ ਇਕਾਂਤ ਵਿੱਚ ਹਨ ਅਤੇ ਉਨ੍ਹਾਂ ਦੀ ਕੈਦ ਅੰਤਰਰਾਸ਼ਟਰੀ ਕਾਨੂੰਨਾਂ ਦੇ ਮਾਪਦੰਡਾਂ ‘ਤੇ ਖਰੀ ਨਹੀਂ ਉਤਰਦੀ।
ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੇ ਵੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਾ ਮਿਲਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, “ਉਨ੍ਹਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਹੈ। ਇਹ ਗੈਰਕਾਨੂੰਨੀ ਇਕਾਂਤ ਕੈਦ ਹੈ ਅਤੇ ਇਸਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ।”
ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ‘ਚ ਬੰਦ ਹਨ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਅਤੇ ਆਤੰਕਵਾਦ ਸਮੇਤ ਕਈ ਮਾਮਲੇ ਦਰਜ ਹਨ। ਅਪ੍ਰੈਲ 2022 ‘ਚ ਨੋ-ਕਾਂਫਿਡੈਂਸ ਮੋਸ਼ਨ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਗਈਆਂ।
ਇਸ ਮਾਮਲੇ ‘ਤੇ ਸੰਯੁਕਤ ਰਾਸ਼ਟਰ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਯੂਐਨ ਦੀ ਟਾਰਚਰ ਮਾਮਲਿਆਂ ਦੀ ਵਿਸ਼ੇਸ਼ ਰੈਪੋਰਟਰ ਐਲਿਸ ਜਿੱਲ ਐਡਵਰਡਜ਼ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਮਰਾਨ ਖਾਨ ਦੀ ਕੈਦ ਦੇ ਹਾਲਾਤ ਤੁਰੰਤ ਸੁਧਾਰੇ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ “ਅਮਾਨਵੀ ਅਤੇ ਅਪਮਾਨਜਨਕ” ਹਨ ਅਤੇ ਇਹ ਤਸ਼ੱਦਦ ਦੀ ਸ਼੍ਰੇਣੀ ‘ਚ ਆ ਸਕਦੇ ਹਨ।
ਯੂਐਨ ਮੁਤਾਬਕ, 26 ਸਤੰਬਰ 2023 ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ‘ਚ ਰੱਖੇ ਗਏ ਇਮਰਾਨ ਖਾਨ ਨੂੰ ਲੰਬੇ ਸਮੇਂ ਤੱਕ ਇਕਾਂਤ ਕੈਦ, ਬਾਹਰੀ ਦੁਨੀਆ ਨਾਲ ਸੀਮਿਤ ਸੰਪਰਕ ਅਤੇ ਲਗਾਤਾਰ ਸੀਸੀਟੀਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜੋ ਅੰਤਰਰਾਸ਼ਟਰੀ ਮਾਨਵ ਅਧਿਕਾਰ ਮਾਪਦੰਡਾਂ ਦੀ ਉਲੰਘਣਾ ਹੈ।