ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਤੇ ਖਿਡਾਰੀ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸਦਾ ਪੋਸਟਮਾਰਟਮ ਮੁਹਾਲੀ ਦੇ ਫੇਜ਼ ਸਰਕਾਰੀ ਹਸਪਤਾਲ ਵਿੱਚ ਕੀਤਾ ਗਿਆ, ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਚਨਕੋਆ ਲਿਆਂਦਾ ਗਿਆ, ਜਿੱਥੇ ਅੰਤਿਮ ਸਸਕਾਰ ਕੀਤਾ ਗਿਆ। ਛੋਟੇ ਭਰਾ ਰਣਵਿਜੇ ਨੇ ਚਿਤਾ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ਪਤਨੀ ਸਮੇਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਦੱਸਿਆ ਗਿਆ ਹੈ ਕਿ ਬੀਤੀ ਰਾਤ ਸੋਹਾਣਾ ਦੇ ਸੈਕਟਰ-82 ਦੇ ਮੈਦਾਨ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਮੈਚ ਕੁਮੈਂਟੇਟਰ ਸੇਵਕ ਸ਼ੇਰਗੜ੍ਹ ਮੁਤਾਬਕ, ਰਾਣਾ ਬਲਾਚੌਰੀਆ ਜਲੰਧਰ ਤੋਂ ਸ਼ਕਰਪੁਰ ਟੀਮ ਦਾ ਮੈਨੇਜਰ ਸੀ ਅਤੇ ਉਹ ਦੋ ਟੀਮਾਂ ਟੂਰਨਾਮੈਂਟ ਵਿੱਚ ਲੈ ਕੇ ਆਇਆ ਸੀ। ਸੈਮੀਫਾਈਨਲ ਮੈਚ ਡ੍ਰਾ ਰਹਿਣ ਤੋਂ ਬਾਅਦ ਜਦੋਂ ਉਹ ਮੈਦਾਨ ਤੋਂ ਬਾਹਰ ਨਿਕਲ ਰਿਹਾ ਸੀ, ਤਾਂ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਉਸਦੇ ਕੋਲ ਆਇਆ ਅਤੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਮੁਹਾਲੀ ਪੁਲਿਸ ਨੇ ਮਾਮਲੇ ਵਿੱਚ ਕਤਲ ਦੀ ਧਾਰਾ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ। ਬੰਬੀਹਾ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਗਿਆ ਹੈ, ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ।
ਸੋਮਵਾਰ ਰਾਤ ਭਰ ਪੁਲਿਸ ਨੇ ਸੋਹਾਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਜਾਣਕਾਰੀ ਅਨੁਸਾਰ ਹਮਲਾਵਰ ਬੋਲੈਰੋ ਗੱਡੀ ਵਿੱਚ ਆਏ ਸਨ, ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਮੋਟਰਸਾਈਕਲਾਂ ’ਤੇ ਭੱਜਦੇ ਵੀ ਦੇਖਿਆ।