ਬ੍ਰਾਜ਼ੀਲ ਦੇ ਗੁਆਇਬਾ ਸ਼ਹਿਰ ਵਿੱਚ ਸੋਮਵਾਰ ਦੁਪਹਿਰ ਆਏ ਭਿਆਨਕ ਤੂਫ਼ਾਨ ਕਾਰਨ ਸਟੈਚੂ ਆਫ਼ ਲਿਬਰਟੀ ਦੀ ਲਗਭਗ 40 ਮੀਟਰ (114 ਫੁੱਟ) ਉੱਚੀ ਨਕਲ ਢਹਿ ਗਈ। ਸਥਾਨਕ ਪ੍ਰਸ਼ਾਸਨ ਅਤੇ ਇਸ ਢਾਂਚੇ ਦੀ ਮਾਲਕ ਕੰਪਨੀ ਮੁਤਾਬਕ ਇਸ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਤੇਜ਼ ਹਵਾਵਾਂ ਨੇ ਉਸ ਵੇਲੇ ਇਸ ਨਕਲੀ ਮੂਰਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਦੋਂ ਦੱਖਣੀ ਬ੍ਰਾਜ਼ੀਲ ਵਿੱਚ ਤੂਫ਼ਾਨੀ ਮੌਸਮ ਦੀ ਲਹਿਰ ਗੁਜ਼ਰ ਰਹੀ ਸੀ। ਇਹ ਮੂਰਤੀ ਹਾਵਾਨ (Havan) ਰਿਟੇਲ ਮੈਗਾਸਟੋਰ ਦੇ ਪਾਰਕਿੰਗ ਲਾਟ ਵਿੱਚ ਇੱਕ ਫਾਸਟ-ਫੂਡ ਰੈਸਟੋਰੈਂਟ ਦੇ ਕੋਲ ਲੱਗੀ ਹੋਈ ਸੀ। ਵੀਡੀਓ ਫੁਟੇਜ ਵਿੱਚ ਮੂਰਤੀ ਨੂੰ ਹਵਾਵਾਂ ਦੇ ਦਬਾਅ ਨਾਲ ਝੁਕਦੇ ਹੋਏ ਅਤੇ ਫਿਰ ਡਿੱਗ ਕੇ ਟੁੱਟਦੇ ਹੋਏ ਵੇਖਿਆ ਗਿਆ, ਜਿਸ ਦੌਰਾਨ ਇਸਦਾ ਸਿਰ ਪੂਰੀ ਤਰ੍ਹਾਂ ਚੂਰ-ਚੂਰ ਹੋ ਗਿਆ।
ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਮੂਰਤੀ ਦਾ ਉੱਪਰੀ ਹਿੱਸਾ, ਜੋ ਲਗਭਗ 24 ਮੀਟਰ (78 ਫੁੱਟ) ਉੱਚਾ ਸੀ, ਡਿੱਗਿਆ, ਜਦਕਿ 11 ਮੀਟਰ (36 ਫੁੱਟ) ਉੱਚਾ ਬੇਸ ਸੁਰੱਖਿਅਤ ਰਿਹਾ। ਇਹ ਨਕਲ 2020 ਵਿੱਚ ਸਟੋਰ ਖੁਲ੍ਹਣ ਸਮੇਂ ਲਗਾਈ ਗਈ ਸੀ ਅਤੇ ਇਸ ਕੋਲ ਲੋੜੀਂਦੀ ਤਕਨੀਕੀ ਮਨਜ਼ੂਰੀ ਵੀ ਮੌਜੂਦ ਸੀ।
ਗੁਆਇਬਾ ਦੇ ਮੇਅਰ ਮਾਰਸੇਲੋ ਮਾਰਾਨਾਤਾ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਤੁਰੰਤ ਕਾਰਵਾਈ ਲਈ ਟੀਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਸੂਬਾਈ ਸਿਵਲ ਡਿਫੈਂਸ ਨਾਲ ਮਿਲ ਕੇ ਇਲਾਕੇ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਆਲੇ-ਦੁਆਲੇ ਹੋ ਸਕਦੇ ਨੁਕਸਾਨ ਦੀ ਜਾਂਚ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਇਲਾਕੇ ਵਿੱਚ ਹਵਾਵਾਂ ਦੀ ਰਫ਼ਤਾਰ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਤੂਫ਼ਾਨ ਕਾਰਨ ਰਿਓ ਗ੍ਰਾਂਦੇ ਡੋ ਸੁਲ ਦੇ ਕਈ ਹਿੱਸਿਆਂ ਵਿੱਚ ਓਲੇ ਪਏ, ਛੱਤਾਂ ਨੁਕਸਾਨੀ ਹੋਈਆਂ, ਦਰੱਖ਼ਤ ਡਿੱਗੇ ਅਤੇ ਕਈ ਥਾਵਾਂ ਬਿਜਲੀ ਗੁਲ ਰਹੀ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮੰਗਲਵਾਰ ਤੋਂ ਹਾਲਾਤ ਬਿਹਤਰ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਕੁਝ ਥਾਵਾਂ ’ਤੇ ਮੀਂਹ ਜਾਰੀ ਰਹਿ ਸਕਦਾ ਹੈ।