ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਅਦਾਲਤ ਨੂੰ ਦੱਸਿਆ ਕਿ 1996 ਦੇ ਕ੍ਰਿਕਟ ਵਰਲਡ ਕੱਪ ਜੇਤੂ ਕਪਤਾਨ ਅਤੇ ਸਾਬਕਾ ਪੈਟਰੋਲਿਯਮ ਮੰਤਰੀ ਅਰਜੁਨ ਰਣਤੁੰਗਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੀ ਯੋਜਨਾ ਹੈ। ਦੋਸ਼ ਹੈ ਕਿ ਮੰਤਰੀ ਰਹਿੰਦਿਆਂ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਨੇ ਲੰਬੇ ਸਮੇਂ ਵਾਲੇ ਤੇਲ ਖਰੀਦ ਸੰਝੌਤਿਆਂ ਦੀ ਪ੍ਰਕਿਰਿਆ ਬਦਲ ਕੇ ਮਹਿੰਗੀਆਂ ਤੁਰੰਤ ਖਰੀਦਾਂ (ਸਪਾਟ ਪਰਚੇਜ਼) ਕਰਵਾਈਆਂ।
ਭ੍ਰਿਸ਼ਟਾਚਾਰ ਜਾਂਚ ਕਮਿਸ਼ਨ ਮੁਤਾਬਕ 2017 ਵਿੱਚ ਹੋਈਆਂ 27 ਖਰੀਦਾਂ ਨਾਲ ਰਾਜ ਨੂੰ ਲਗਭਗ 800 ਮਿਲੀਅਨ ਸ਼੍ਰੀਲੰਕਨ ਰੁਪਏ (ਕਰੀਬ 23.5 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਅਰਜੁਨ ਰਣਤੁੰਗਾ ਇਸ ਸਮੇਂ ਵਿਦੇਸ਼ ਵਿੱਚ ਹਨ ਅਤੇ ਵਾਪਸੀ ’ਤੇ ਗ੍ਰਿਫ਼ਤਾਰ ਕੀਤੇ ਜਾਣਗੇ।
ਉਨ੍ਹਾਂ ਦੇ ਵੱਡੇ ਭਰਾ ਧੰਮਿਕਾ ਰਣਤੁੰਗਾ, ਜੋ ਉਸ ਸਮੇਂ ਸੇਲੋਨ ਪੈਟਰੋਲਿਯਮ ਕਾਰਪੋਰੇਸ਼ਨ ਦੇ ਚੇਅਰਮੈਨ ਸਨ, ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰਕੇ ਬਾਅਦ ਵਿੱਚ ਜਮਾਨਤ ’ਤੇ ਛੱਡ ਦਿੱਤਾ ਗਿਆ। ਅਦਾਲਤ ਨੇ ਉਨ੍ਹਾਂ ’ਤੇ ਯਾਤਰਾ ਪਾਬੰਦੀ ਵੀ ਲਗਾਈ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ।
ਇਹ ਕੇਸ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲ ਰਹੀ ਵੱਡੀ ਮੁਹਿੰਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਰਣਤੁੰਗਾ ਪਰਿਵਾਰ ਦੇ ਇੱਕ ਹੋਰ ਭਰਾ, ਸਾਬਕਾ ਟੂਰਿਜ਼ਮ ਮੰਤਰੀ ਪ੍ਰਸੰਨਾ ਰਣਤੁੰਗਾ ਨੂੰ ਵੀ ਬੀਮਾ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।