ਅਮਰੀਕਾ ਵਿੱਚ ਲਗਭਗ ਤਿੰਨ ਦਹਾਕਿਆਂ ਤੋਂ ਰਹਿ ਰਹੀ ਭਾਰਤੀ ਮੂਲ ਦੀ 60 ਸਾਲਾ ਮਹਿਲਾ ਬਬਲਜੀਤ “ਬੱਬਲੀ” ਕੌਰ ਨੂੰ ਗ੍ਰੀਨ ਕਾਰਡ ਇੰਟਰਵਿਊ ਦੇ ਆਖ਼ਰੀ ਪੜਾਅ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਇਹ ਜਾਣਕਾਰੀ ਉਸ ਦੀ ਧੀ ਜੋਤੀ ਨੇ ਦਿੱਤੀ ਹੈ।
ਜੋਤੀ ਮੁਤਾਬਕ, 1 ਦਸੰਬਰ ਨੂੰ ਬੱਬਲੀ ਕੌਰ ਆਪਣੀ ਪੈਂਡਿੰਗ ਗ੍ਰੀਨ ਕਾਰਡ ਅਰਜ਼ੀ ਨਾਲ ਜੁੜੀ ਬਾਇਓਮੈਟ੍ਰਿਕ ਸਕੈਨ ਅਪਾਇੰਟਮੈਂਟ ਲਈ ICE (ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਦਫ਼ਤਰ ਪਹੁੰਚੀ ਸੀ। ਇਸ ਦੌਰਾਨ ਕਈ ਫੈਡਰਲ ਏਜੰਟ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਕੌਰ ਨੂੰ ਇੱਕ ਕਮਰੇ ਵਿੱਚ ਬੁਲਾਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਬੱਬਲੀ ਕੌਰ ਦੀ ਇੱਕ ਧੀ ਅਮਰੀਕੀ ਨਾਗਰਿਕ ਹੈ, ਜਿਸ ਵੱਲੋਂ ਉਨ੍ਹਾਂ ਦੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਪਤੀ ਕੋਲ ਵੀ ਗ੍ਰੀਨ ਕਾਰਡ ਹੈ। ਗ੍ਰਿਫ਼ਤਾਰੀ ਤੋਂ ਬਾਅਦ ਕੌਰ ਨੂੰ ਆਪਣੇ ਵਕੀਲ ਨਾਲ ਫੋਨ ’ਤੇ ਗੱਲ ਕਰਨ ਦੀ ਇਜਾਜ਼ਤ ਮਿਲੀ, ਪਰ ਉਸਨੂੰ ਹਿਰਾਸਤ ਵਿੱਚ ਹੀ ਰੱਖਿਆ ਗਿਆ।
ਕਈ ਘੰਟਿਆਂ ਤੱਕ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਿਆ ਕਿ ਕੌਰ ਨੂੰ ਕਿੱਥੇ ਲਿਆਂਦਾ ਗਿਆ ਹੈ। ਬਾਅਦ ਵਿੱਚ ਪਤਾ ਚੱਲਿਆ ਕਿ ਉਨ੍ਹਾਂ ਨੂੰ ਐਡੈਲਾਂਟੋ ਭੇਜਿਆ ਗਿਆ ਹੈ, ਜੋ ਪਹਿਲਾਂ ਇੱਕ ਫੈਡਰਲ ਜੇਲ੍ਹ ਸੀ ਅਤੇ ਹੁਣ ICE ਡਿਟੇਨਸ਼ਨ ਸੈਂਟਰ ਵਜੋਂ ਵਰਤੀ ਜਾਂਦੀ ਹੈ।
ਬੱਬਲੀ ਕੌਰ ਬਾਰੇ
ਬੱਬਲੀ ਕੌਰ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹਨ। ਪਰਿਵਾਰ ਪਹਿਲਾਂ ਲਾਗੂਨਾ ਬੀਚ ਵਿੱਚ ਵਸਿਆ ਸੀ ਅਤੇ ਬਾਅਦ ਵਿੱਚ ਲੌਂਗ ਬੀਚ ਚਲਾ ਗਿਆ। ਉਨ੍ਹਾਂ ਦੇ ਤਿੰਨ ਬੱਚੇ ਹਨ—34 ਸਾਲਾ ਜੋਤੀ, ਜਿਸ ਕੋਲ DACA ਤਹਿਤ ਕਾਨੂੰਨੀ ਦਰਜਾ ਹੈ, ਜਦਕਿ ਉਨ੍ਹਾਂ ਦਾ ਪੁੱਤਰ ਅਤੇ ਧੀ ਦੋਵੇਂ ਅਮਰੀਕੀ ਨਾਗਰਿਕ ਹਨ।
ਕੌਰ ਅਤੇ ਉਨ੍ਹਾਂ ਦੇ ਪਤੀ ਨੇ 20 ਸਾਲ ਤੋਂ ਵੱਧ ਸਮੇਂ ਤੱਕ ਬੈਲਮਾਂਟ ਸ਼ੋਰ ਇਲਾਕੇ ਵਿੱਚ “ਨਤਰਾਜ ਕੂਜ਼ੀਨ ਆਫ਼ ਇੰਡੀਆ ਐਂਡ ਨੇਪਾਲ” ਨਾਂ ਦਾ ਰੈਸਟੋਰੈਂਟ ਚਲਾਇਆ, ਜੋ ਸਥਾਨਕ ਭਾਈਚਾਰੇ ਵਿੱਚ ਕਾਫ਼ੀ ਲੋਕਪ੍ਰਿਯ ਸੀ। ਇਸ ਤੋਂ ਇਲਾਵਾ, ਕੌਰ ਨੇ ਲਗਭਗ 25 ਸਾਲ ਤੱਕ ਬੈਲਮਾਂਟ ਸ਼ੋਰ ਰਾਈਟ ਏਡ ਵਿੱਚ ਵੀ ਕੰਮ ਕੀਤਾ।
ਰਿਹਾਈ ਦੀ ਮੰਗ
ਲੌਂਗ ਬੀਚ ਤੋਂ ਡੈਮੋਕ੍ਰੈਟਿਕ ਕਾਂਗਰਸਮੈਨ ਰਾਬਰਟ ਗਾਰਸੀਆ ਨੇ ਬੱਬਲੀ ਕੌਰ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦਫ਼ਤਰ ਨੇ ਦੱਸਿਆ ਕਿ ਉਹ ਫੈਡਰਲ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ, ਜਦਕਿ ਪਰਿਵਾਰ ਕੌਰ ਨੂੰ ਜਮਾਨਤ ’ਤੇ ਛਡਵਾਉਣ ਲਈ ਹੋਰ ਕਾਨੂੰਨੀ ਕਦਮ ਚੁੱਕ ਰਿਹਾ ਹੈ।
ਪਰਿਵਾਰ ਮੁਤਾਬਕ, ਕੌਰ ਨੂੰ ਐਡੈਲਾਂਟੋ ਡਿਟੇਨਸ਼ਨ ਸੈਂਟਰ ਵਿੱਚ ਇੱਕ ਵੱਡੇ ਡੋਰਮ-ਸਟਾਈਲ ਕਮਰੇ ਵਿੱਚ ਰੱਖਿਆ ਗਿਆ ਹੈ, ਜਿੱਥੇ ਲਗਾਤਾਰ ਰੌਲਾ ਅਤੇ ਰਾਤ ਨੂੰ ਵੀ ਜਲਦੀਆਂ ਬੱਤੀਆਂ ਕਾਰਨ ਸੁੱਤਣਾ ਮੁਸ਼ਕਲ ਹੁੰਦਾ ਹੈ।
ਧੀ ਜੋਤੀ ਨੇ ਕਿਹਾ, “ਇਹ ਸਾਡੇ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ ਹੈ। ਅਸੀਂ ਉਸਨੂੰ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਹ ਇੱਥੇ ਹੋਣ ਦੀ ਹਕ਼ਦਾਰ ਨਹੀਂ। ਇਹ ਬਹੁਤ ਅਮਾਨਵੀ ਹੈ।”