ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦੌਰਾਨ ਮੋਗਾ ਜ਼ਿਲ੍ਹੇ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਘਣੀ ਧੁੰਦ ਕਾਰਨ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਨੇੜੇ ਇੱਕ ਕਾਰ ਨਾਲੇ ਵਿੱਚ ਡਿੱਗ ਗਈ, ਜਿਸ ਨਾਲ ਅਧਿਆਪਕ ਜੋੜੇ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਟੇ ਦੇ ਅੰਗਰੇਜ਼ੀ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਮਲਜੀਤ ਕੌਰ ਮਾਨਸਾ ਦੀ ਰਹਿਣ ਵਾਲੀ ਸੀ। ਦੋਵੇਂ ਸਵੇਰੇ ਕਾਰ ਵਿੱਚ ਚੋਣ ਡਿਊਟੀ ਲਈ ਘਰੋਂ ਨਿਕਲੇ ਸਨ, ਪਰ ਧੁੰਦ ਕਾਰਨ ਸੜਕ ਸਾਫ਼ ਨਜ਼ਰ ਨਾ ਆਉਣ ਨਾਲ ਹਾਦਸਾ ਵਾਪਰ ਗਿਆ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਿੰਗ ਹੋ ਰਹੀ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।