ਖਾਰਤੂਮ/ਕਾਡੁਗਲੀ :ਸੂਡਾਨ ਦੇ ਦੱਖਣੀ ਕੋਰਡੋਫ਼ਾਨ ਸੂਬੇ ਦੇ ਕਾਡੁਗਲੀ ਸ਼ਹਿਰ ਵਿੱਚ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਕੈਂਪ ‘ਤੇ ਹੋਏ ਡਰੋਨ ਹਮਲੇ ਵਿੱਚ ਬੰਗਲਾਦੇਸ਼ ਦੇ ਛੇ ਯੂਐਨ ਸ਼ਾਂਤੀਰੱਖਿਅਕ ਜਵਾਨ ਮਾਰੇ ਗਏ, ਜਦਕਿ ਹੋਰ ਛੇ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਵਾਲਿਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਮਾਰੇ ਗਏ ਅਤੇ ਜ਼ਖ਼ਮੀ ਸਾਰੇ ਜਵਾਨ ਸੰਯੁਕਤ ਰਾਸ਼ਟਰ ਦੀ ਅੰਤਰਿਮ ਸੁਰੱਖਿਆ ਫੋਰਸ ਫਾਰ ਅਬੀਏ (UNISFA) ਨਾਲ ਸੇਵਾ ਨਿਭਾ ਰਹੇ ਸਨ। ਹਮਲਾ ਕਾਡੁਗਲੀ ਵਿੱਚ ਸਥਿਤ ਯੂਐਨ ਕੈਂਪ ‘ਤੇ ਕੀਤਾ ਗਿਆ।
ਬੰਗਲਾਦੇਸ਼ ਦੇ ਅੰਤਰਿਮ ਨੇਤਾ ਮੁਹੰਮਦ ਯੂਨੁਸ ਨੇ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਛੇ ਜਵਾਨਾਂ ਦੀ ਮੌਤ ਅਤੇ ਅੱਠ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਲਈ ਤੁਰੰਤ ਅਤੇ ਪੂਰੀ ਐਮਰਜੈਂਸੀ ਮਦਦ ਮੁਹੱਈਆ ਕਰਵਾਈ ਜਾਵੇ। ਯੂਨੁਸ ਨੇ ਕਿਹਾ ਕਿ ਸਰਕਾਰ ਇਸ ਦੁੱਖਦਾਈ ਸਮੇਂ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ਦੀ ਤਿੱਖੀ ਨਿੰਦਾ ਕੀਤੀ ਹੈ।
ਦੂਜੇ ਪਾਸੇ, ਪੋਰਟ ਸੂਡਾਨ ਵਿੱਚ ਸਥਿਤ ਫੌਜ-ਸਮਰਥਿਤ ਸਰਕਾਰ ਨੇ ਹਮਲੇ ਦੀ ਨਿੰਦਾ ਕਰਦਿਆਂ ਦੋਸ਼ ਲਗਾਇਆ ਹੈ ਕਿ ਇਹ ਡਰੋਨ ਹਮਲਾ ਅਰਧਸੈਨਿਕ ਰੈਪਿਡ ਸਪੋਰਟ ਫੋਰਸਜ਼ (RSF) ਵੱਲੋਂ ਕੀਤਾ ਗਿਆ। ਸੂਡਾਨ ਦੀ ਸੋਵਰਨਟੀ ਕੌਂਸਲ, ਜਿਸ ਦੀ ਅਗਵਾਈ ਫੌਜ ਮੁਖੀ ਜਨਰਲ ਅਬਦਲ ਫਤਾਹ ਅਲ-ਬੁਰਹਾਨ ਕਰ ਰਹੇ ਹਨ, ਨੇ ਇਸਨੂੰ “ਖਤਰਨਾਕ ਤਣਾਅ ਵਧਾਉਣ ਵਾਲੀ ਕਾਰਵਾਈ” ਕਰਾਰ ਦਿੱਤਾ ਹੈ।
ਗੌਰਤਲਬ ਹੈ ਕਿ ਕਾਡੁਗਲੀ ਸ਼ਹਿਰ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ RSF ਦੇ ਘੇਰੇ ਹੇਠ ਹੈ। RSF ਦਰਫੂਰ ਤੋਂ ਪੂਰਬ ਵੱਲ ਵਧਦੇ ਹੋਏ ਤੇਲ-ਸਮ੍ਰਿਧ ਕੋਰਡੋਫ਼ਾਨ ਖੇਤਰ ਤੱਕ ਪਹੁੰਚ ਚੁੱਕੀ ਹੈ, ਜੋ ਸਪਲਾਈ ਲਾਈਨਾਂ ਅਤੇ ਫੌਜੀ ਹਿਲਚਲ ਲਈ ਬਹੁਤ ਹੀ ਰਣਨੀਤਕ ਮਹੱਤਵ ਰੱਖਦਾ ਹੈ।
ਅਪ੍ਰੈਲ 2023 ਤੋਂ ਸੂਡਾਨੀ ਫੌਜ ਅਤੇ RSF ਦਰਮਿਆਨ ਜੰਗ ਜਾਰੀ ਹੈ। RSF ਡਰੋਨ, ਹਥਿਆਰਬੰਦ ਲੜਾਕੇ ਅਤੇ ਸਾਥੀ ਮਿਲੀਸ਼ੀਆ ਦੀ ਮਦਦ ਨਾਲ ਕੇਂਦਰੀ ਸੂਡਾਨ ਵਿੱਚ ਆਪਣਾ ਦਬਦਬਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਾਜ਼ਾ ਹਮਲੇ ਨਾਲ ਖੇਤਰ ਵਿੱਚ ਹਿੰਸਾ ਹੋਰ ਭੜਕਣ ਦੀ ਚਿੰਤਾ ਵਧ ਗਈ ਹੈ।