ਵਾਸ਼ਿੰਗਟਨ/ਦਮਿਸਕ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਹੋਏ ਹਮਲੇ ਵਿੱਚ ਦੋ ਅਮਰੀਕੀ ਸੈਨੀਕਾਂ ਅਤੇ ਇੱਕ ਅਮਰੀਕੀ ਨਾਗਰਿਕ ਦੀ ਮੌਤ ਤੋਂ ਬਾਅਦ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਕਿਹਾ ਕਿ ਇਸ ਹਮਲੇ ਦਾ “ਬਹੁਤ ਹੀ ਗੰਭੀਰ ਬਦਲਾ” ਲਿਆ ਜਾਵੇਗਾ। ਅਮਰੀਕਾ ਨੇ ਇਸ ਹਮਲੇ ਲਈ ਆਤੰਕੀ ਸੰਗਠਨ ਇਸਲਾਮਿਕ ਸਟੇਟ (ISIS) ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਹਮਲਾ ISIS ਵੱਲੋਂ ਕੀਤਾ ਗਿਆ ਹੈ ਅਤੇ ਇਹ ਸੀਰੀਆ ਦੇ ਉਸ ਖੇਤਰ ਵਿੱਚ ਵਾਪਰਿਆ ਹੈ, ਜੋ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਹੇਠ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਇਸ ਘਟਨਾ ਤੋਂ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਨ।
ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਸੀਰੀਆ ਦੀ ਸਰਕਾਰ ਇਸ ਮਾਮਲੇ ਵਿੱਚ ਅਮਰੀਕੀ ਫੌਜ ਦੇ ਨਾਲ ਮਿਲ ਕੇ ਲੜ ਰਹੀ ਹੈ। ਉਨ੍ਹਾਂ ਮੁਤਾਬਕ ਅਲ-ਸ਼ਾਰਾ ਇਸ ਹਮਲੇ ਨੂੰ ਲੈ ਕੇ “ਬੇਹੱਦ ਨਾਰਾਜ਼ ਅਤੇ ਪਰੇਸ਼ਾਨ” ਹਨ।
ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਹੋਰ ਅਮਰੀਕੀ ਸੈਨੀਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਮਰੀਕੀ ਫੌਜ ਮੁਤਾਬਕ ਹਮਲਾਵਰ ISIS ਦਾ ਇੱਕ ਗਨਮੈਨ ਸੀ, ਜਿਸਨੂੰ ਹਮਲੇ ਦੌਰਾਨ ਹੀ ਮਾਰ ਦਿੱਤਾ ਗਿਆ। ਪੈਂਟਾਗਨ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਨਾਗਰਿਕ ਦੀ ਪਛਾਣ ਇੱਕ ਅਮਰੀਕੀ ਦੁਭਾਸ਼ੀਏ (ਇੰਟਰਪ੍ਰੀਟਰ) ਵਜੋਂ ਹੋਈ ਹੈ।
ਇਹ ਹਮਲਾ ਸੀਰੀਆ ਦੇ ਇਤਿਹਾਸਕ ਸ਼ਹਿਰ ਪਾਲਮੀਰਾ ਨੇੜੇ ਇੱਕ ਫੌਜੀ ਚੌਕੀ ‘ਤੇ ਹੋਇਆ। ਸੀਰੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੂਰ ਅਲ-ਦਿਨ ਅਲ-ਬਾਬਾ ਨੇ ਕਿਹਾ ਕਿ ਹਮਲਾਵਰ ਦਾ ਸੰਬੰਧ ISIS ਨਾਲ ਸੀ ਅਤੇ ਉਸਨੇ ਫੌਜੀ ਅੱਡੇ ਦੇ ਦਰਵਾਜ਼ੇ ‘ਤੇ ਗੋਲੀਆਂ ਚਲਾਈਆਂ। ਬਾਅਦ ਵਿੱਚ ਉਨ੍ਹਾਂ ਦੱਸਿਆ ਕਿ ਹਮਲਾਵਰ ਅੰਦਰੂਨੀ ਸੁਰੱਖਿਆ ਬਲਾਂ ਨਾਲ ਜੁੜਿਆ ਹੋਇਆ ਸੀ, ਪਰ ਉਸਦਾ ਕੋਈ ਕਮਾਂਡ ਅਹੁਦਾ ਨਹੀਂ ਸੀ।
ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੈਥ ਨੇ ਕਿਹਾ ਕਿ ਜੋ ਵੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਏਗਾ, ਉਸਨੂੰ ਅਮਰੀਕਾ ਖੋਜ ਕੇ ਖਤਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਹਮਲਾ ਗੰਭੀਰ ਜਾਂਚ ਹੇਠ ਹੈ।
ਗੌਰਤਲਬ ਹੈ ਕਿ ਬਸ਼ਰ ਅਸਦ ਦੀ ਸਰਕਾਰ ਦੇ ਪਤਨ ਤੋਂ ਬਾਅਦ ਇਹ ਅਮਰੀਕੀ ਫੌਜ ‘ਤੇ ਹੋਇਆ ਪਹਿਲਾ ਹਮਲਾ ਹੈ, ਜਿਸ ਵਿੱਚ ਜਾਨੀ ਨੁਕਸਾਨ ਹੋਇਆ ਹੈ। ਅਮਰੀਕਾ ਦੇ ਸੈਂਕੜੇ ਸੈਨੀਕ ਹਾਲੇ ਵੀ ਪੂਰਬੀ ਸੀਰੀਆ ਵਿੱਚ ISIS ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਤੈਨਾਤ ਹਨ।
ਟਰੰਪ ਨੇ ਦੁਹਰਾਇਆ ਕਿ ਅਮਰੀਕਾ ਆਪਣੇ ਨਾਗਰਿਕਾਂ ਅਤੇ ਸੈਨੀਕਾਂ ‘ਤੇ ਹੋਏ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਇਸਦਾ ਜਵਾਬ ਕੜੀ ਕਾਰਵਾਈ ਨਾਲ ਦਿੱਤਾ ਜਾਵੇਗਾ।