ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਇੱਕ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਸਪੈਸ਼ਲ ਸੈੱਲ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਲਿਪਤ ਮੁਲਜ਼ਮ ਅਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ, ਜ਼ਿੰਦਾ ਕਾਰਤੂਸ, ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੀ।
ਪੁਲਿਸ ਅਧਿਕਾਰੀਆਂ ਐੱਸ.ਐੱਸ.ਪੀ ਸੁਹੇਲ ਮੀਰ, ਐੱਸ.ਪੀ (ਡੀ) ਅਦਿੱਤਿਆ ਵਾਰੀਅਰ ਅਤੇ ਡੀ.ਐੱਸ.ਪੀ (ਡੀ) ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਵਿੱਚ ਸਪੈਸ਼ਲ ਸੈੱਲ ਨੇ ਮੁਲਜ਼ਮ ਤੋਂ ਕੁੱਲ 04 ਪਿਸਤੌਲ (03 ਪਿਸਤੌਲ .30 ਬੋਰ ਅਤੇ ਇੱਕ 9MM) ਅਤੇ 06 ਜ਼ਿੰਦੇ ਰੌਂਦ ਬਰਾਮਦ ਕੀਤੇ।
ਖੁਫੀਆ ਸੂਚਨਾ ਅਨੁਸਾਰ, ਅਕਾਸ਼ਦੀਪ ਸਿੰਘ ਅਤੇ ਉਸਦਾ ਸਾਥੀ ਸੁੱਖਾ ਸਿੰਘ, ਜੋ ਹਾਲੇ ਫਰਾਰ ਹੈ, ਪਾਕਿਸਤਾਨੀ ਹਥਿਆਰ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਦੋਵੇਂ ਡਰੋਨ ਰਾਹੀਂ ਆਉਣ ਵਾਲੀਆਂ ਅਸਲੇ ਦੀਆਂ ਖੇਪਾਂ ਨੂੰ ਰਸੀਵ ਕਰਕੇ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਤੱਕ ਪਹੁੰਚਾਉਂਦੇ ਸਨ। ਪੁਲਿਸ ਨੇ ਦੱਸਿਆ ਕਿ ਇਹ ਅਸਲਾ ਰਾਜ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਮੰਗਵਾਇਆ ਗਿਆ ਸੀ।
ਇਸ ਸਬੰਧੀ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰਬਰ 405 ਮਿਤੀ 10.12.2025 ਅਧੀਨ ਧਾਰਾ 25(8) ਅਸਲਾ ਐਕਟ ਅਤੇ 61(2) BNS ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮ ਸੁੱਖਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀਆਂ ਜਾਰੀ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹੋਰ ਵੀ ਗਹਿਰਾਈ ਨਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਮਾਡਿਊਲ ਦੇ ਹੋਰ ਕੜੀਆਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ।