ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ ਮਨਾਏ ਜਾਂਦੇ ‘ਵੀਰ ਬਾਲ ਦਿਵਸ’ ਦੇ ਨਾਮ ‘ਤੇ ਗਹਿਰਾ ਵਿਰੋਧ ਪ੍ਰਗਟ ਕਰਦਿਆਂ, ਇਸਨੂੰ ਤੁਰੰਤ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਮੰਗ ਕੀਤੀ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਅਨੁਸਾਰ ਸਕੱਤਰੇਤ ਵੱਲੋਂ ਦੇਸ਼ ਦੀ ਸੰਸਦ ਵਿੱਚ ਮੌਜੂਦ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਇਸ ਬਾਰੇ ਵਿਸ਼ੇਸ਼ ਪੱਤਰ ਭੇਜੇ ਗਏ ਹਨ।
ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਸਿੱਖ ਭਾਈਚਾਰਾ ਸਾਲ 2022 ਤੋਂ ਹੀ ‘ਵੀਰ ਬਾਲ ਦਿਵਸ’ ਨਾਮ ‘ਤੇ ਲਗਾਤਾਰ ਐਤਰਾਜ਼ ਜਤਾ ਰਿਹਾ ਹੈ। ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਪੱਤਰ ਅਕਾਲ ਤਖ਼ਤ ਸਾਹਿਬ ਨੂੰ ਮਿਲੇ ਹਨ, ਜਿਨ੍ਹਾਂ ਵਿੱਚ ਮੰਗ ਕੀਤੀ ਗਈ ਹੈ ਕਿ ਸਿੱਖ ਇਤਿਹਾਸ ਅਤੇ ਭਾਵਨਾਵਾਂ ਦੇ ਸਤਿਕਾਰ ਲਈ ਇਸ ਦਿਨ ਨੂੰ ਅਧਿਕਾਰਤ ਤੌਰ ‘ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਘੋਸ਼ਿਤ ਕੀਤਾ ਜਾਵੇ।
14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਪੱਤਰ
ਇਹ ਪੱਤਰ ਲੋਕ ਸਭਾ ਅਤੇ ਰਾਜ ਸਭਾ ਦੇ ਕੁੱਲ 14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਡਾ. ਅਮਰ ਸਿੰਘ (ਫਤਿਹਗੜ੍ਹ ਸਾਹਿਬ), ਗੁਰਜੀਤ ਸਿੰਘ (ਅੰਮ੍ਰਿਤਸਰ), ਹਰਸਿਮਰਤ ਕੌਰ ਬਾਦਲ (ਬਠਿੰਡਾ), ਮਾਲਵਿੰਦਰ ਸਿੰਘ (ਆਨੰਦਪੁਰ ਸਾਹਿਬ), ਸੁਖਜਿੰਦਰ ਸਿੰਘ (ਗੁਰਦਾਸਪੁਰ), ਵਿਕਰਮਜੀਤ ਸਿੰਘ (ਰਾਜ ਸਭਾ), ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ), ਹਰਭਜਨ ਸਿੰਘ (ਰਾਜ ਸਭਾ) ਸਮੇਤ ਹੋਰ ਕਈ ਮੈਂਬਰ ਸ਼ਾਮਲ ਹਨ।
ਸੰਸਦ ਵਿੱਚ ਮੁੱਦਾ ਜ਼ੋਰ ਨਾਲ ਉਠਾਉਣ ਦੀ ਅਪੀਲ
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਪੂਰੇ ਦ੍ਰਿੜਤਾ ਨਾਲ ਉਠਾਉਣ ਤੇ ਕੇਂਦਰ ਸਰਕਾਰ ‘ਤੇ ਦਬਾਅ ਪਾਉਣ, ਤਾਂ ਜੋ ਇਸ ਦਿਨ ਨੂੰ ਅਧਿਕਾਰਤ ਤੌਰ ‘ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਸਵੀਕਾਰਿਆ ਜਾਵੇ। ਉਹਨਾਂ ਕਿਹਾ ਕਿ ਇਹ ਮੰਗ ਸਿਰਫ਼ ਨਾਮ ਬਦਲਣ ਦੀ ਨਹੀਂ, ਸਗੋਂ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਸੰਮਾਨ ਕਰਨ ਲਈ ਹੈ।
ਅਕਾਲ ਤਖ਼ਤ ਸਕੱਤਰੇਤ ਨੇ ਪੁਸ਼ਟੀ ਕੀਤੀ ਹੈ ਕਿ ਇਹ ਪੱਤਰ ਸਾਰੇ ਸੰਸਦ ਮੈਂਬਰਾਂ ਨੂੰ ਉਹਨਾਂ ਦੇ ਅਧਿਕਾਰਤ ਈਮੇਲ ਪਤਿਆਂ ਰਾਹੀਂ ਭੇਜੇ ਗਏ ਹਨ।