ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਕੇਂਦਰੀ ਹਿੱਸੇ ਵਿੱਚ ਮੰਗਲਵਾਰ ਨੂੰ ਇੱਕ ਸੱਤ–ਮੰਜ਼ਿਲਾ ਦਫ਼ਤਰੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਭਾਰੀ ਕਹਿਰ ਵਰਤਿਆ। ਅੱਗ ਲੱਗਣ ਤੋਂ ਬਾਅਦ ਇਮਾਰਤ ਵਿੱਚ ਫਸੇ ਕਰਮਚਾਰੀਆਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਘੱਟੋ-ਘੱਟ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਾਰੇ ਗਏ ਲੋਕਾਂ ਵਿੱਚ ਪੰਜ ਮਰਦ, 15 ਔਰਤਾਂ ਅਤੇ ਇੱਕ ਗਰਭਵਤੀ ਮਹਿਲਾ ਸ਼ਾਮਲ ਹੈ। ਇਹ ਜਾਣਕਾਰੀ ਸੈਂਟਰਲ ਜਕਾਰਤਾ ਪੁਲੀਸ ਮੁਖੀ ਸੁਸਾਤਯੋ ਪੁਰਨੋਮੋ ਕੋਂਡਰੋ ਨੇ ਏਐਫਪੀ ਨਾਲ ਗੱਲਬਾਤ ਦੌਰਾਨ ਦਿੱਤੀ।
ਅੱਗ ਦਾਪਹਿਰ ਦੇ ਸਮੇਂ ਭੜਕ ਉਠੀ ਅਤੇ ਤੇਜ਼ੀ ਨਾਲ ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਵੱਲ ਫੈਲ ਗਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕੋਮਪਾਸ ਟੀਵੀ ਵੱਲੋਂ ਜਾਰੀ ਕੀਤੀਆਂ ਵੀਡੀਓਜ਼ ਵਿੱਚ ਇਮਾਰਤ ਦੀਆਂ ਉਪਰਲੀ ਮੰਜ਼ਿਲਾਂ ਤੋਂ ਸ਼ੋਲਿਆਂ ਨੂੰ ਨਿਕਲਦਾ ਤੇ ਅੱਗ ਬੁਝਾਉਣ ਵਾਲੇ ਜਵਾਨਾਂ ਨੂੰ ਲੋਕਾਂ ਤੱਕ ਪਹੁੰਚਣ ਲਈ ਜੱਦੋਜਹਦ ਕਰਦੇ ਹੋਏ ਵੇਖਿਆ ਗਿਆ।
ਘੁੱਪ ਕਾਲਾ ਧੂੰਆਂ ਪੂਰੇ ਇਲਾਕੇ ਵਿੱਚ ਫੈਲ ਗਿਆ, ਜਿਸ ਕਾਰਨ ਨੇੜਲੇ ਰਹਿਣ ਵਾਲੇ ਅਤੇ ਦਫ਼ਤਰਾਂ ਦੇ ਕਰਮਚਾਰੀ ਸੜਕਾਂ 'ਤੇ ਆ ਗਏ। ਰਾਹਤ ਟੀਮਾਂ ਨੂੰ ਇਮਾਰਤ ਵਿੱਚੋਂ ਕਈ ਲਾਸ਼ਾਂ ਬਾਡੀ ਬੈਗਾਂ ਵਿੱਚ ਬਾਹਰ ਕੱਢਦਿਆਂ ਵੀ ਦੇਖਿਆ ਗਿਆ।
ਅਧਿਕਾਰੀਆਂ ਮੁਤਾਬਕ, ਇਸ ਇਮਾਰਤ ਵਿੱਚ ਟੈਰਾ ਡਰੋਨ ਇੰਡੋਨੇਸ਼ੀਆ ਦਾ ਦਫ਼ਤਰ ਹੈ, ਜੋ ਖਾਣ–ਖੁਦਾਈ ਤੋਂ ਲੈ ਕੇ ਖੇਤੀਬਾੜੀ ਤੱਕ ਕਈ ਖੇਤਰਾਂ ਲਈ ਡਰੋਨ ਸੇਵਾਵਾਂ ਪ੍ਰਦਾਨ ਕਰਦੀ ਹੈ। ਰਾਇਟਰਜ਼ ਮੁਤਾਬਕ, ਅੱਗ ਨੂੰ ਕਾਬੂ ਕਰਨ ਲਈ ਦਰਜਨਾਂ ਫਾਇਰਫ਼ਾਈਟਰ ਤਾਇਨਾਤ ਕੀਤੇ ਗਏ ਅਤੇ ਲੰਬੀ ਕਾਰਵਾਈ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਹਾਦਸਾ ਉਸ ਵੱਡੇ ਦੁਖਾਂਤ ਤੋਂ ਕੁਝ ਹੀ ਸਮੇਂ ਬਾਅਦ ਵਾਪਰਿਆ ਹੈ, ਜਦੋਂ ਪਿਛਲੇ ਮਹੀਨੇ ਹਾਂਗਕਾਂਗ ਦੇ ਤਾਈ ਪੋ ਇਲਾਕੇ ਵਿੱਚ ਅੱਗ ਲੱਗਣ ਕਾਰਨ ਲਗਭਗ 160 ਲੋਕਾਂ ਦੀ ਜਾਨ ਗਈ ਸੀ।