ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਿਤਾਰਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਉਹ ਸੰਗੀਤਕਾਰ ਪਲਾਸ਼ ਮੁੱਛਲ ਨਾਲ ਆਪਣਾ ਵਿਆਹ ਰੱਦ ਕਰ ਚੁੱਕੀ ਹੈ। ਮੰਧਾਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਮਾ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਫੈਸਲਾ ਦੋਵਾਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਇਹ ਉਨ੍ਹਾਂ ਲਈ ਬਹੁਤ ਹੀ ਮੁਸ਼ਕਲ ਸਮਾਂ ਹੈ।
ਮੰਧਾਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਅਨੇਕਾਂ ਅਟਕਲਾਂ ਲਗ ਰਹੀਆਂ ਸਨ, ਇਸ ਲਈ ਸੱਚਾਈ ਸਾਂਝੀ ਕਰਨੀ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ, “ਮੈਂ ਇੱਕ ਨਿੱਜੀ ਵਿਅਕਤੀ ਹਾਂ, ਪਰ ਇਸ ਸਮੇਂ ਇਹ ਦੱਸਣਾ ਜ਼ਰੂਰੀ ਹੈ ਕਿ ਸਾਡਾ ਵਿਆਹ ਰੱਦ ਹੋ ਚੁੱਕਾ ਹੈ। ਇਹ ਅੱਗੇ ਵਧਣ ਦਾ ਸਮਾਂ ਹੈ।”
ਕ੍ਰਿਕਟਰ ਨੇ ਬੇਨਤੀ ਕੀਤੀ ਕਿ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਮੀਡੀਆ ਅਤੇ ਜਨਤਾ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਪੂਰਾ ਸਤਿਕਾਰ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਸਮਾਪਤ ਕਰਨਾ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਲੋਕ ਵੀ ਅਜਿਹਾ ਹੀ ਕਰਨ।
ਸਮ੍ਰਿਤੀ ਨੇ ਆਪਣਾ ਧਿਆਨ ਮੁੜ ਕ੍ਰਿਕਟ ਵੱਲ ਕੇਂਦਰਿਤ ਕਰਨ ਦੀ ਗੱਲ ਵੀ ਦੱਸੀ। ਉਨ੍ਹਾਂ ਨੇ ਕਿਹਾ, “ਮੇਰਾ ਸਭ ਤੋਂ ਵੱਡਾ ਉਦੇਸ਼ ਹਮੇਸ਼ਾ ਤੋਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਰਿਹਾ ਹੈ। ਮੈਂ ਭਾਰਤ ਲਈ ਖੇਡਣ ਅਤੇ ਟਰਾਫੀਆਂ ਜਿੱਤਣ ‘ਚ ਹੀ ਇਕਾਗ੍ਰ ਰਹਾਂਗੀ।”
ਉਨ੍ਹਾਂ ਦੇ ਇਸ ਐਲਾਨ ਨਾਲ ਉਹ ਸਾਰੀਆਂ ਅਟਕਲਾਂ ਖਤਮ ਹੋ ਗਈਆਂ ਹਨ ਜਿਹੜੀਆਂ ਵਿਆਹ ਦੇ ਮੁਲਤਵੀ ਹੋਣ ਤੋਂ ਬਾਅਦ ਚੱਲ ਰਹੀਆਂ ਸਨ।