ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਕੁਝ ਜਥੇਬੰਦੀਆਂ ਵੱਲੋਂ 7 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਧਰਨਾ ਲਗਾਉਣ ਦੇ ਐਲਾਨ ਨੂੰ ਸਖ਼ਤ ਸ਼ਬਦਾਂ ਵਿੱਚ ਨਕਾਰ ਦਿੱਤਾ ਹੈ। ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਇਸ਼ਾਰਾ ਕੀਤਾ ਕਿ ਇਹ ਕਦਮ ਸਿੱਖ ਪਰੰਪਰਾ, ਮਰਿਆਦਾ ਅਤੇ ਸੰਗਤਾਂ ਦੇ ਸਨਮਾਨ ਦੇ ਖ਼ਿਲਾਫ਼ ਹੈ।
ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਸੰਬੰਧਤ ਜਿਸ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ, ਉਸ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਜ਼ਿੰਮੇਵਾਰਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤਾਂ ਨੇ ਵੀ ਇਹਨਾਂ ਕੇਸਾਂ ਵਿੱਚ ਸੁਣਵਾਈ ਕੀਤੀ ਹੈ, ਇਸ ਲਈ ਹੁਣ ਧਰਨਾ ਸਿਰਫ਼ “ਸਿਆਸੀ ਮਕਸਦਾਂ” ਤੋਂ ਪ੍ਰੇਰਿਤ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੁਝ ਤੱਤ ਇਸ ਮੁੱਦੇ ’ਤੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
“ਗੁਰੂ ਘਰਾਂ ਦੇ ਰਸਤੇ ਰੋਕ ਕੇ ਧਰਨਾ ਦੇਣਾ ਜਾਇਜ਼ ਨਹੀਂ”
ਪ੍ਰਤਾਪ ਸਿੰਘ ਨੇ ਸਪੱਸ਼ਟ ਕੀਤਾ ਕਿ ਗੁਰੂ ਘਰਾਂ ਦੇ ਨੇੜੇ ਜਾਂ ਰਸਤੇ ਰੋਕ ਕੇ ਧਰਨਾ ਲਗਾਉਣਾ ਨਾ ਕੇਵਲ ਸੰਗਤਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦਾ ਹੈ, ਸਗੋਂ ਸਿੱਖ ਮਰਿਆਦਾ ਦੀ ਵੀ ਉਲੰਘਣਾ ਹੈ।
ਉਨ੍ਹਾਂ ਧਰਨਾ ਐਲਾਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਸ਼–ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਫ਼ੈਸਲੇ ਤੋਂ ਹਟਣ ਅਤੇ ਪਵਿੱਤਰ ਅਸਥਾਨ ਦੀ ਮਾਣ–ਮਰਿਆਦਾ ਨੂੰ ਕਾਇਮ ਰੱਖਣ।