ਬਠਿੰਡਾ ਦੇ ਲਾਲ ਚੰਦ ਸਿੰਘ ਪਿਛਲੇ 43 ਸਾਲਾਂ ਤੋਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹੋਏ ਹਨ। ਸਿਹਤ ਵਿਭਾਗ ਵਿੱਚ ਦਰਜਾ–ਚਾਰ ਕਰਮਚਾਰੀ ਰਹੇ ਲਾਲ ਚੰਦ ਹਰ ਰੋਜ਼ ਆਪਣੇ ਕੱਪੜਿਆਂ 'ਤੇ ਵੱਖ–ਵੱਖ ਸਮਾਜਿਕ ਤੇ ਸਿਹਤ ਸੰਬੰਧੀ ਸਲੋਗਨ ਲਿਖ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ।
ਉਹਨਾਂ ਦੀ ਇਹ ਮੁਹਿੰਮ ਕਈ ਸਾਲ ਪਹਿਲਾਂ ਇੱਕ ਸਰਕਾਰੀ ਪ੍ਰੋਗਰਾਮ ਦੌਰਾਨ ਸ਼ੁਰੂ ਹੋਈ, ਜਦੋਂ ਉਹ ਮਾਰੂ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਸਲੋਗਨ ਵਾਲਾ ਕੁੜਤਾ ਪਹਿਨ ਕੇ ਮੰਚ 'ਤੇ ਗਏ। ਉਸ ਦਿਨ ਤੋਂ ਬਾਅਦ ਲਾਲ ਚੰਦ ਸਿੰਘ ਹਰ ਰੋਜ਼ ਇਸੇ ਅੰਦਾਜ਼ ਵਿੱਚ ਸੰਦੇਸ਼ ਫੈਲਾਉਣ ਲੱਗ ਪਏ।
ਲਾਲ ਚੰਦ ਸਿੰਘ ਦੇ ਕੱਪੜਿਆਂ 'ਤੇ ਬੇਟੀ ਬਚਾਉ, ਭਰੂਣ ਹੱਤਿਆ ਰੋਕੋ, ਕਾਲੀ ਖਾਂਸੀ ਤੋਂ ਬਚਾਅ ਅਤੇ ਹੋਰ ਸਿਹਤ ਸਬੰਧੀ ਮੁੱਦਿਆਂ ਦੇ ਸਲੋਗਨ ਲਿਖੇ ਮਿਲਦੇ ਹਨ। ਖ਼ਾਸ ਗੱਲ ਇਹ ਹੈ ਕਿ ਆਪਣੇ ਵਿਆਹ ਦੇ ਦਿਨ ਵੀ ਉਹਨਾਂ ਨੇ ਸ਼ੇਰਵਾਨੀ ਦੀ ਥਾਂ ਜਾਗਰੂਕਤਾ ਵਾਲੇ ਕੱਪੜੇ ਹੀ ਪਹਿਨੇ। ਇੱਥੋਂ ਤੱਕ ਕਿ ਬੱਚਿਆਂ ਦੇ ਵਿਆਹਾਂ ਵਿੱਚ ਵੀ ਉਹ ਆਪਣੇ ਇਸ ਖਾਸ ਕੁੜਤੇ ਨਾਲ ਹੀ ਸ਼ਾਮਲ ਹੋਏ।
ਲਾਲ ਚੰਦ ਸਿੰਘ ਦੀ ਇਹ ਲਗਨ ਅਤੇ ਜਜ਼ਬਾ ਉਹਨਾਂ ਨੂੰ ਲੋਕਾਂ ਵਿਚ ‘ਸਲੋਗਨ ਮੈਨ’ ਬਣਾਉਂਦਾ ਹੈ, ਜੋ ਚੁੱਪਚਾਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ।