ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਨਿਯਮਿਤ ਜ਼ਮਾਨਤ ਦੀ ਅਰਜ਼ੀ ਨੂੰ ਰਦ ਕਰ ਦਿੱਤਾ ਹੈ। ਇਹ ਮਾਮਲਾ ਐਸਆਈਟੀ ਰਿਪੋਰਟ ਅਧਾਰਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜਿਆ ਹੈ, ਜਿਸ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਗੈਰ ਕਾਨੂੰਨੀ ਕਮਾਈ ਦਾ ਇਲਜ਼ਾਮ ਹੈ। ਜਸਟਿਸ ਤ੍ਰਿਭੁਵਨ ਦਹੀਆ ਨੇ ਇਸਦੇ ਨਾਲ ਹੀ ਜਾਂਚ ਤਿੰਨ ਮਹੀਨਿਆਂ ਵਿੱਚ ਪੂਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ।
ਜਸਟਿਸ ਦਹੀਆ ਨੇ ਕਿਹਾ ਕਿ ਅਦਾਲਤ ਇਹ ਜਾਣਦੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਬੇਅੰਤ ਸਮੇਂ ਤੱਕ ਹਿਰਾਸਤ ਵਿੱਚ ਰੱਖਣਾ ਉਸਦੀ ਆਜ਼ਾਦੀ ਦੇ ਅਧਿਕਾਰ ਦਾ ਉਲੰਘਣ ਹੈ, ਪਰ ਜਾਂਚ ਏਜੰਸੀ ਦਾ ਫ਼ਰਜ਼ ਹੈ ਕਿ ਮਾਮਲੇ ਦੀ ਪੂਰੀ ਜਾਂਚ ਵਾਜਬ ਸਮੇਂ ਵਿੱਚ ਪੂਰੀ ਕਰੇ।
ਅਦਾਲਤ ਨੇ ਕਿਹਾ ਕਿ ਮਜੀਠੀਆ 'ਤੇ ਗੰਭੀਰ ਆਰਥਿਕ ਅਪਰਾਧਾਂ ਦੇ ਦੋਸ਼ ਹਨ ਅਤੇ ਜਾਂਚ ਦੌਰਾਨ ਉਸਦੇ ਬੈਂਕ ਖਾਤਿਆਂ ਵਿੱਚ ਗੈਰ-ਹਿਸਾਬੀ ਰਕਮ ਅਤੇ ਕਈ ਸ਼ੈੱਲ ਕੰਪਨੀਆਂ ਦੇ ਖੁਲਾਸੇ ਸਾਹਮਣੇ ਆਏ ਹਨ, ਜਿਨ੍ਹਾਂ ਰਾਹੀਂ ਸ਼ੱਕੀ ਲੈਣ-ਦੇਣ ਕੀਤੇ ਗਏ।
ਜਾਂਚ ਅਧਿਕਾਰੀਆਂ ਦੇ ਅਨੁਸਾਰ ਕੁਝ ਰਕਮ ਸਿੰਗਾਪੁਰ ਅਤੇ ਸਾਇਪਰਸ ਦੀਆਂ ਵਿਦੇਸ਼ੀ ਕੰਪਨੀਆਂ ਰਾਹੀਂ ਵੀ ਭੇਜੀ ਗਈ। ਅਦਾਲਤ ਨੇ ਕਿਹਾ ਕਿ ਮਜੀਠੀਆ ਅਤੇ ਉਸਦੇ ਪਰਿਵਾਰ ਦਾ ਇਹਨਾਂ ਇਕਾਈਆਂ 'ਤੇ ਸਿੱਧਾ ਜਾਂ ਅਸਿੱਧਾ ਕੰਟਰੋਲ ਹੈ।
ਬੈਂਚ ਨੇ ਕਿਹਾ ਕਿ ਮਨੀ ਟ੍ਰੇਲ ਨਾਲ ਜੁੜੇ ਕਈ ਸੁੱਤਰ ਅਜੇ ਬਾਕੀ ਹਨ ਅਤੇ ਕਈ ਮਹੱਤਵਪੂਰਨ ਗਵਾਹ 'ਨਾਜ਼ੁਕ' ਸ਼੍ਰੇਣੀ ਵਿੱਚ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਮਜੀਠੀਆ ਦੇ ਬਾਹਰ ਆਉਣ 'ਤੇ ਜਾਂਚ 'ਚ ਦਖ਼ਲ, ਰਿਕਾਰਡ ਨਾਲ ਛੇੜਛਾੜ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਖ਼ਤਰਾ ਨਕਾਰਿਆ ਨਹੀਂ ਜਾ ਸਕਦਾ।
ਅਦਾਲਤ ਨੇ ਦੂਜੇ ਐਫਆਈਆਰ ਨੂੰ ਚੁਣੌਤੀ ਦੇ ਤਰਕ ਨੂੰ ਵੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਜੇ ਜਾਂਚ ਦੌਰਾਨ ਵੱਖਰੇ ਅਤੇ ਨਵੇਂ ਅਪਰਾਧ ਸਾਹਮਣੇ ਆਉਣ ਤਾਂ ਨਵੀਂ ਐਫਆਈਆਰ ਦਰਜ ਕਰਨ ਤੇ ਕੋਈ ਕਾਨੂੰਨੀ ਪਾਬੰਦੀ ਨਹੀਂ।
ਇਹ ਮਾਮਲਾ 25 ਜੂਨ ਨੂੰ ਦਰਜ ਉਸ ਐਫਆਈਆਰ ਤੋਂ ਜਨਮਿਆ ਜੋ ਵਿਜਿਲੈਂਸ ਬਿਊਰੋ, ਐਫਐਸ-1, ਮੋਹਾਲੀ 'ਚ ਭ੍ਰਿਸ਼ਟਾਚਾਰ ਐਕਟ ਤਹਿਤ ਦਰਜ ਕੀਤੀ ਗਈ ਸੀ। ਰਾਜ ਪੱਖੋਂ ਐਡਵੋਕੇਟ ਜਰਨਲ ਮਨਿੰਦਰਜੀਤ ਸਿੰਘ ਬੇਦੀ ਅਤੇ ਐਡਿਸ਼ਨਲ ਏਜੀ ਚੰਚਲ ਕੇ. ਸਿੰਗਲਾ ਪੇਸ਼ ਹੋਏ।