ਗੁਰੂਗ੍ਰਾਮ ਦੇ ਸੈਕਟਰ 9 ਦੀ ਇੱਕ ਪੜ੍ਹੀ-ਲਿਖੀ ਮੁਟਿਆਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੇ ਮਾਪੇ ਉਸਦੀ ਸਹਿਮਤੀ ਬਿਨਾਂ ਉਸਦਾ ਵਿਆਹ 4 ਦਸੰਬਰ 2025 ਨੂੰ ਕਰਵਾਉਣਾ ਚਾਹੁੰਦੇ ਸਨ। ਵਿਰੋਧ ਕਰਨ 'ਤੇ ਉਸਨੂੰ ਘਰ ਦੇ ਕਮਰੇ ਵਿੱਚ ਬੰਦ ਕਰਕੇ ਬੰਧਕ ਬਣਾ ਲਿਆ ਗਿਆ।
ਸ਼ਿਕਾਇਤ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ, ਕੁੜੀ ਨੂੰ ਬਚਾਇਆ ਅਤੇ ਉਸਨੂੰ ਸੇਫ਼ ਹਾਊਸ ਭੇਜ ਦਿੱਤਾ। ਪੁਲਿਸ ਨੇ ਮਾਂ-ਪਿਤਾ ਦੇ ਖਿਲਾਫ਼ ਸੀ.ਆਰ.ਪੀ.ਸੀ. 2023 ਦੀ ਧਾਰਾ 127(4) ਅਤੇ 3(5) ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪੀੜਤਾ ਨੇ ਦੱਸਿਆ ਕਿ ਉਹ ਕਿਸੇ ਹੋਰ ਨੌਜਵਾਨ ਨਾਲ ਪਿਆਰ ਕਰਦੀ ਹੈ ਅਤੇ ਉਸੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਪਰਿਵਾਰ ਵਿਰੋਧ ਕਰ ਰਿਹਾ ਸੀ ਅਤੇ ਉਸਨੂੰ ਘਰੋਂ ਬਾਹਰ ਜਾਣ ਤੋਂ ਵੀ ਰੋਕ ਦਿੱਤਾ ਗਿਆ ਸੀ।
ਇੰਨਾ ਹੀ ਨਹੀਂ, ਕੁੜੀ ਨੇ ਪੁਲਿਸ ਕਮਿਸ਼ਨਰ, ਡੀ.ਸੀ.ਪੀ., ਡਿਪਟੀ ਕਮਿਸ਼ਨਰ, ਹਰਿਆਣਾ ਮੁੱਖ ਮੰਤਰੀ ਅਤੇ ਮਹਿਲਾ ਕਮਿਸ਼ਨ ਨੂੰ ਈਮੇਲ ਕਰਕੇ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਉਸਦਾ ਕਹਿਣਾ ਹੈ ਕਿ ਉਸਦੀ ਜਾਨ ਨੂੰ ਆਪਣੇ ਹੀ ਮਾਪਿਆਂ ਤੋਂ ਖ਼ਤਰਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ ਅਤੇ ਜਾਂਚ ਜਾਰੀ ਹੈ। ਘਟਨਾ ਨੇ ਗੁਰੂਗ੍ਰਾਮ ਵਿੱਚ ਵਿਆਪਕ ਚਰਚਾ ਛੇੜ ਦਿੱਤੀ ਹੈ।