ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਾਉਣ ਦੌਰਾਨ ਭਿੱਖੀਵਿੰਡ (ਹਲਕਾ ਖੇਮਕਰਨ) ‘ਚ ਅੱਜ ਤਣਾਅਪੂਰਨ ਮਾਹੌਲ ਬਣ ਗਿਆ। ਕਾਂਗਰਸੀ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਨਕਾਬਪੋਸ਼ ਲੋਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਫਾਈਲਾਂ ਪਾੜ ਰਹੇ ਹਨ ਅਤੇ ਧੱਕੇਸ਼ਾਹੀ ਕਰ ਰਹੇ ਹਨ। ਬਲਾਕ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰ, ਉਮੀਦਵਾਰ ਕਰਮਵੀਰ ਸਿੰਘ ਬੈਂਕਾ ਅਤੇ ਗੁਰਮੇਜ ਸਿੰਘ ਘੁਰਕਵਿੰਡ ਨੇ ਚੋਣ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ AAP ਵਰਕਰਾਂ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਉਮੀਦਵਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਕਾਂਗਰਸ ਤੇ ਅਕਾਲੀ ਵਰਕਰਾਂ ਨੇ ਨਾਰੇਬਾਜ਼ੀ ਕਰਕੇ ਵਿਰੋਧ ਦਰਜ ਕਰਵਾਇਆ ਅਤੇ AAP ‘ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ। ਇਸ ਦੌਰਾਨ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਾਗਜ਼ ਜਮ੍ਹਾਂ ਕਰਾਉਣ ਲਈ ਭਿੱਖੀਵਿੰਡ ਬਲਾਕ ਦਫ਼ਤਰ ਪਹੁੰਚੇ, ਜਿੱਥੇ ਹੰਗਾਮਾ ਹੋਣ ਕਾਰਨ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਕਾਫਲੇ ਨੂੰ ਤੁਰੰਤ ਅੱਗੇ ਭੇਜਿਆ। ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਗਾਇਆ ਕਿ AAP ਵਰਕਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਫਾਈਲਾਂ ਜਮ੍ਹਾਂ ਨਹੀਂ ਕਰਨ ਦੇ ਰਹੇ ਅਤੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਇਸ਼ਾਰੇ 'ਤੇ ਪੁਲਿਸ ਵੀ ਉਨ੍ਹਾਂ ਨਾਲ ਰਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਧੱਕੇਸ਼ਾਹੀ ਤੋਂ ਘਬਰਾਉਣ ਵਾਲੇ ਨਹੀਂ।