ਬਠਿੰਡਾ ਸੈਸ਼ਨ ਅਦਾਲਤ ਨੇ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕਰ ਦਿੱਤੇ ਹਨ। ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ, ਜਿਸ ਦੌਰਾਨ ਵਿਜੀਲੈਂਸ ਬਿਊਰੋ ਸਬੂਤ ਪੇਸ਼ ਕਰੇਗਾ। 14 ਨਵੰਬਰ ਨੂੰ ਉਸਦੇ ਖ਼ਿਲਾਫ਼ ਬੇਅਨੁਪਾਤਿਕ ਸੰਪਤੀ ਮਾਮਲੇ ਦੀ ਦੂਜੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸਦੇ ਨਾਲ ਹੀ, ਉਸਦਾ ਨਾਮ ਇੱਕ ਹੋਰ ਵਿਵਾਦ ‘ਚ ਵੀ ਆਇਆ ਹੈ। ਚਿੱਟੇ ਦੇ ਕੇਸ ‘ਚ ਗ੍ਰਿਫ਼ਤਾਰ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਅਮਨਦੀਪ ਨੇ 1 ਦਸੰਬਰ ਨੂੰ ਬਠਿੰਡਾ ਦੇ ਗੁਰਦੁਆਰੇ ਵਿੱਚ ਬਲਵਿੰਦਰ ਨਾਲ ਵਿਆਹ ਕਰਵਾ ਲਿਆ, ਉਹ ਵੀ ਗਲਤ ਦਸਤਾਵੇਜ਼ਾਂ ਨਾਲ। ਗੁਰਮੀਤ ਨੇ ਦੋਵੇਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ਿਕਾਇਤ ਅਧਾਰਿਤ ਜਾਂਚ ਹੋਵੇਗੀ। ਅਮਨਦੀਪ ਕੌਰ, ਜੋ ਸੋਸ਼ਲ ਮੀਡੀਆ ‘ਤੇ “ਥਾਰ ਵਾਲੀ ਕਾਂਸਟੇਬਲ” ਦੇ ਨਾਂ ਨਾਲ ਮਸ਼ਹੂਰ ਹੈ, ਨੂੰ 2 ਅਪਰੈਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 3 ਅਪਰੈਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।