ਸਟਾਕਟਨ, ਕੈਲੀਫ਼ੋਰਨੀਆ ਵਿੱਚ ਇੱਕ ਬੱਚੇ ਦੀ ਜਨਮਦਿਨ ਪਾਰਟੀ ਉਸ ਵੇਲੇ ਦਹਿਸ਼ਤ ਵਿੱਚ ਤਬਦੀਲ ਹੋ ਗਈ ਜਦੋਂ ਪਰਿਵਾਰਕ ਸਮਾਗਮ ਦੌਰਾਨ ਅਚਾਨਕ ਗੋਲੀਆਂ ਚੱਲ ਪਈਆਂ। ਇਸ ਖੂਨੀ ਹਮਲੇ ਵਿੱਚ ਤਿੰਨ ਬੱਚਿਆਂ ਅਤੇ ਇੱਕ ਬਾਲਗ ਦੀ ਮੌਤ ਹੋ ਗਈ, ਜਦਕਿ 11 ਹੋਰ ਲੋਕ ਜ਼ਖ਼ਮੀ ਹੋਏ ਹਨ। ਮਾਰੇ ਗਏ ਬੱਚਿਆਂ ਦੀ ਉਮਰ ਸਿਰਫ਼ 8, 9 ਅਤੇ 14 ਸਾਲ ਸੀ, ਜਦਕਿ ਬਾਲਗ ਪੀੜਤ 21 ਸਾਲ ਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਪਰ ਹਾਲੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਸੰਦਿਗਧ ਦੀ ਪਛਾਣ ਹੋਈ ਹੈ। ਸ਼ੇਰਿਫ਼ ਪੈਟਰਿਕ ਵਿਥਰੋ ਨੇ ਪੁਸ਼ਟੀ ਕੀਤੀ ਕਿ ਇਸ ਸਮੇਂ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਪਬਲਿਕ ਇਨਫਰਮੇਸ਼ਨ ਅਫ਼ਸਰ ਹੈਦਰ ਬ੍ਰੈਂਟ ਨੇ ਇਸ ਘਟਨਾ ਨੂੰ “ਦਿਲ ਤੋੜ ਦੇਣ ਵਾਲੀ ਤਰਾਸ਼ਦੀ” ਕਰਾਰ ਦਿੱਤਾ।
ਸਟਾਕਟਨ ਦੀ ਮੇਅਰ ਕਰਿਸਟੀਨਾ ਫੁਗਾਜ਼ੀ, ਜੋ ਸਪੱਸ਼ਟ ਤੌਰ 'ਤੇ ਘਟਨਾ ਤੋਂ ਹਿੱਲ ਗਈਆਂ ਸਨ, ਨੇ ਕੜੀਆਂ ਸਜ਼ਾਵਾਂ, ਵੱਧ ਕੇਂਦਰੀ ਸਹਾਇਤਾ ਅਤੇ “ਘੋਸਟ ਗੰਜ਼” ਦੇ ਖ਼ਿਲਾਫ਼ ਲੜਨ ਲਈ ਵਾਧੂ ਸਰੋਤਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਰਕੱਟ “ਕਤਈ ਕਬੂਲਯੋਗ ਨਹੀਂ।”
ਜਦੋਂ ਤੱਕ ਸ਼ੂਟਰ ਆਜ਼ਾਦ ਘੁੰਮ ਰਿਹਾ ਹੈ, ਸਥਾਨਕ ਸਮਾਜ ਡਰ ਅਤੇ ਸਦਮੇ ਵਿੱਚ ਹੈ… ਅਤੇ ਅਮਰੀਕਾ ਇੱਕ ਵਾਰ ਫਿਰ ਗੰਨ ਹਿੰਸਾ 'ਤੇ ਤੀਖੀ ਬਹਿਸ ਦਾ ਸਾਹਮਣਾ ਕਰ ਰਿਹਾ ਹੈ।