ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ ਇੱਕ ਮਹੀਨਾ ਪਹਿਲਾਂ ਕਾਰ ਵਿੱਚ ਸੜੀ ਹੋਈ ਮਿਲੀ ਪੰਜਾਬ ਦੀ ਲੁਧਿਆਣਾ ਜ਼ਿਲ੍ਹੇ ਦੀ ਨਵਵਿਆਹਤਾ ਮਹਿਲਾ ਮੰਦੀਪ ਕੌਰ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਸਥਾਨਕ ਪੁਲਿਸ ਨੇ 24 ਸਾਲਾ ਗੁਰਜੋਤ ਸਿੰਘ ਖੈੜਾ, ਜੋ ਮੰਦੀਪ ਦੇ ਪਤੀ ਦਾ ਛੋਟਾ ਭਰਾ ਹੈ, ਨੂੰ ਕਤਲ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕਰ ਲਿਆ ਹੈ।
30 ਸਾਲਾ ਮੰਦੀਪ ਕੌਰ ਲੁਧਿਆਣਾ ਦੇ ਗੁੱਜਰਵਾਲ ਪਿੰਡ ਦੀ ਰਹਿਣ ਵਾਲੀ ਸੀ। ਉਹ ਛੇ ਸਾਲ ਪਹਿਲਾਂ ਸਟਡੀ ਵੀਜ਼ੇ 'ਤੇ ਕੈਨੇਡਾ ਗਈ ਸੀ ਅਤੇ ਸਿਰਫ਼ ਸੱਤ ਮਹੀਨੇ ਪਹਿਲਾਂ ਹੀ ਉਸਦੀ ਸ਼ਾਦੀ ਹੋਈ ਸੀ।
26 ਅਕਤੂਬਰ ਨੂੰ ਡੈਲਟਾ ਪੁਲਿਸ ਨੂੰ ਹਾਈਵੇ 17 ਦੇ 7000-ਬਲਾਕ ਵਿੱਚ ਕਾਰ ਟੱਕਰ ਤੇ ਭਿਆਨਕ ਅੱਗ ਦੀ ਸੂਚਨਾ ਮਿਲੀ। ਕਾਰ ਵਿੱਚੋਂ ਮੰਦੀਪ ਕੌਰ ਦੀ ਸੜੀ ਲਾਸ਼ ਪ੍ਰਾਪਤ ਹੋਈ ਸੀ। ਪਹਿਲਾਂ ਇਹ ਇੱਕ ਹਾਦਸਾ ਮੰਨਿਆ ਗਿਆ ਸੀ ਪਰ ਜਲਦ ਹੀ ਮੌਕੇ ਤੋਂ ਮਿਲੇ ਸਬੂਤਾਂ ਨੇ ਸ਼ੱਕ ਪੈਦਾ ਕੀਤਾ ਅਤੇ ਮਾਮਲਾ ਮੇਜਰ ਕਰਾਈਮ ਸੈਕਸ਼ਨ ਨੂੰ ਸੌਂਪਿਆ ਗਿਆ।
6 ਨਵੰਬਰ ਨੂੰ ਜਾਂਚ ਦੌਰਾਨ ਪੁਲਿਸ ਨੇ ਗੁਰਜੋਤ ਸਿੰਘ ਖੈੜਾ ਨੂੰ ਗ੍ਰਿਫ਼ਤਾਰ ਕੀਤਾ। ਪਹਿਲਾਂ ਉਸ 'ਤੇ ਮੰਦੀਪ ਦੀ ਲਾਸ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕਰਨ ਦੇ ਦੋਸ਼ 'ਚ “indignity to human remains” ਦਾ ਕੇਸ ਦਰਜ ਕੀਤਾ ਗਿਆ ਸੀ। ਹੁਣ ਜਾਂਚ ਅੱਗੇ ਵਧਣ ਤੋਂ ਬਾਅਦ ਉਸ 'ਤੇ ਕਤਲ ਦੇ ਦੋਸ਼ ਵੀ ਲਗਾਏ ਗਏ ਹਨ।
ਡੈਲਟਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।