ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਹਲਕੇ ਦੇ ਪਿੰਡ ਭੁੱਲਰ ਵਿੱਚ ਦਿਨ ਦਿਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰਿਆਨੇ ਦੀ ਦੁਕਾਨ ਵਿੱਚ ਦਾਖਲ ਹੋ ਕੇ ਲੁੱਟ ਦੀ ਨੀਅਤ ਨਾਲ ਦੁਕਾਨਦਾਰ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਹਮਲਾਵਰ ਦੁਕਾਨ ਵਿੱਚੋਂ ਨਕਦ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ 47 ਸਾਲਾ ਦਲਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਹਮਲੇ ਦੀ ਪੂਰੀ ਘਟਨਾ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸਦਰ ਤਰਨਤਾਰਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਲਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਕੋਈ ਧਮਕੀ ਜਾਂ ਫਿਰੌਤੀ ਦੀ ਕਾਲ ਨਹੀਂ ਮਿਲੀ। ਪਰਿਵਾਰ ਅਨੁਸਾਰ, ਦਲਜੀਤ ਸਿੰਘ ਦਾ ਇੱਕ ਪੁੱਤਰ ਅਤੇ ਪਤਨੀ ਹੈ, ਜਿਸ ਵਿੱਚੋਂ ਪੁੱਤਰ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਦੁਕਾਨ ਤੋਂ ਦਿਨ-ਦਿਹਾ਼ੜੇ ਮੁਸ਼ਕਲ ਨਾਲ ਤਿੰਨ-ਚਾਰ ਸੌ ਰੁਪਏ ਵੱਟਦੇ ਹਨ। ਅੱਜ ਦੋ ਲੁਟੇਰੇ ਦੁਕਾਨ ਵਿੱਚ ਦਾਖਲ ਹੋਏ ਅਤੇ ਪੈਸਿਆਂ ਦੀ ਮੰਗ ਕੀਤੀ। ਉਸਦੇ ਪਿਤਾ ਵੱਲੋਂ ਵਿਰੋਧ ਕਰਨ 'ਤੇ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਮੌਕੇ ਉੱਤੇ ਹੀ ਢਹਿ ਪਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਨੁਸਾਰ, ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਡੀਐਸਪੀ ਤਰਨਤਾਰਨ ਸੁਖਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਦਲਜੀਤ ਸਿੰਘ ਨੂੰ ਦੋ ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸਦੀ ਦੁਕਾਨ ਅੰਦਰ ਗੋਲੀ ਮਾਰੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਲੁਟੇਰਿਆਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।