ਅਬੋਹਰ ਦੇ ਕੇਸ਼ਵ ਰਾਜੌਰੀਆ, ਪੁੱਤਰ ਵਿਸ਼ਾਲ ਰਾਜੌਰੀਆ, ਨੇ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਨੈਸ਼ਨਲ ਸਬ-ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ (60 ਮੀਟਰ) ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਤਗਮਾ ਪੰਜਾਬ ਨੂੰ 31 ਸਾਲਾਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਕੇਸ਼ਵ ਦੇ ਹੀ ਕੋਚ ਰਵੀ ਕੁਮਾਰ ਨੇ ਰਾਜ ਲਈ ਸੋਨ ਤਗਮਾ ਜਿੱਤਿਆ ਸੀ।
ਕੇਸ਼ਵ ਦੇ ਵਾਪਸ ਅਰਚਰੀ ਗਰਾਉਂਡ ਪਹੁੰਚਣ 'ਤੇ ਸਾਥੀ ਤੀਰਅੰਦਾਜ਼ਾਂ ਵੱਲੋਂ ਉਸਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਲੋਕਾਂ ਨੇ ਮਿੱਠਾਈਆਂ ਵੰਡ ਕੇ ਜਸ਼ਨ ਮਨਾਇਆ। ਕੇਸ਼ਵ ਨੇ ਕਿਹਾ ਕਿ ਮੁਕਾਬਲਾ ਮੁਸ਼ਕਿਲ ਸੀ ਪਰ ਉਸਦਾ ਆਪਣੇ ਉੱਤੇ ਪੂਰਾ ਭਰੋਸਾ ਸੀ ਅਤੇ ਇਹੀ ਵਿਸ਼ਵਾਸ ਅਤੇ ਸਖ਼ਤ ਮਿਹਨਤ ਉਹਨੂੰ ਸੋਨ ਤਗਮੇ ਤੱਕ ਲੈ ਗਈ। ਉਸਨੇ ਇਸ ਜਿੱਤ ਦਾ ਸਿਹਰਾ ਆਪਣੇ ਕੋਚ, ਮਾਪਿਆਂ ਅਤੇ ਸਾਥੀਆਂ ਨੂੰ ਦਿੱਤਾ।
ਕੇਸ਼ਵ ਦੀ ਮਾਤਾ ਨੇ ਭਾਵੁਕ ਹੋ ਕੇ ਦੱਸਿਆ ਕਿ ਪੁੱਤਰ ਦੀ ਸਖ਼ਤ ਮਿਹਨਤ, ਦਿਨ ਵਿੱਚ 350 ਤੋਂ ਵੱਧ ਤੀਰਾਂ ਦੀ ਪ੍ਰੈਕਟੀਸ ਅਤੇ ਉਸਦੀ ਲਗਨ ਦਾ ਇਹ ਫਲ ਹੈ। ਪੁੱਤਰ ਨੂੰ ਸੋਨ ਤਗਮਾ ਜਿੱਤਦੇ ਅਤੇ 31 ਸਾਲਾਂ ਬਾਅਦ ਪੰਜਾਬ ਦਾ ਮਾਣ ਵਧਾਉਂਦੇ ਦੇਖ ਕੇ ਉਹਦੀ ਮਿਹਨਤ ਦਾ ਹਰ ਪਲ ਸਫਲ ਹੋ ਗਿਆ ਹੈ।
ਕੋਚ ਰਵੀ ਕੁਮਾਰ ਨੇ ਕਿਹਾ ਕਿ ਕੇਸ਼ਵ ਨੇ ਅਬੋਹਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹ ਮੰਨਦੇ ਹਨ ਕਿ ਹੁਣ ਕੇਸ਼ਵ ਦਾ ਅਗਲਾ ਟੀਚਾ ਓਲੰਪਿਕ ਵਿੱਚ ਸੋਨ ਤਗਮਾ ਜਿੱਤਣਾ ਹੈ, ਅਤੇ ਉਹ ਨਿਸ਼ਚਤ ਤੌਰ 'ਤੇ ਇਸ ਸੁਪਨੇ ਨੂੰ ਪੂਰਾ ਕਰੇਗਾ।