ਅਜਨਾਲਾ — ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ੁੱਕਰਵਾਰ ਨੂੰ ਅਜਨਾਲਾ ਵਿੱਚ ਉਸ ਸਮੇਂ ਗੁੱਸੇ ਵਿੱਚ ਆ ਗਏ, ਜਦੋਂ ਉਹਨਾਂ ਨੇ ਟ੍ਰੈਫਿਕ ਜਾਮ ਦੇ ਦੌਰਾਨ ਡਿਊਟੀ 'ਤੇ ਮੌਜੂਦ ਪੁਲਿਸ ਦੇ ਐਸਐਚਓ ਨੂੰ ਨਾ ਦੇਖਿਆ। ਮੰਤਰੀ ਦਾ ਗੁੱਸਾ ਇਸ ਹੱਦ ਤੱਕ ਵਧ ਗਿਆ ਕਿ ਉਹਨਾਂ ਨੇ ਪੁਲਿਸ ਅਧਿਕਾਰੀ ਦੇ ਅਹੁਦੇ ਦਾ ਖਿਆਲ ਕੀਤੇ ਬਿਨਾਂ ਉਸਨੂੰ ਸਿੱਧੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਮਾਮਲੇ ਦੀ ਵੀਡੀਓ ਕਿਸੇ ਨੇ ਮੌਕੇ ਤੇ ਹੀ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਿੱਚ ਧਾਲੀਵਾਲ ਨੂੰ ਐਸਐਚਓ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਸੁਣਿਆ ਜਾ ਸਕਦਾ ਹੈ।
ਦੱਸ ਦਈਏ ਕਿ ਮੰਤਰੀ ਧਾਲੀਵਾਲ ਅਜਨਾਲਾ ਖੇਤਰ ਵਿੱਚੋਂ ਲੰਘ ਰਹੇ ਸਨ, ਜਦੋਂ ਭਾਰੀ ਜਾਮ ਦੇ ਕਾਰਨ ਉਹ ਰੁਕ ਗਏ। ਇਸ ਦੌਰਾਨ ਉਹ ਟ੍ਰੈਫਿਕ ਪ੍ਰਬੰਧਨ ਨੂੰ ਲੈ ਕੇ ਨਾਰਾਜ਼ ਹੋਏ। ਹਾਲਾਂਕਿ ਧਾਲੀਵਾਲ ਵੱਲੋਂ ਇਸ ਵੀਡੀਓ ਬਾਰੇ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ। ਐਸਐਚਓ ਨੇ ਵੀ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਵਾਇਰਲ ਵੀਡੀਓ ਤੋਂ ਇਲਾਵਾ, ਮੰਤਰੀ ਧਾਲੀਵਾਲ ਨੇ ਅਜਨਾਲਾ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕਰਨ ਲਈ ਜਲਦੀ ਹੀ ਸਰਕਾਰ ਵੱਲੋਂ ਜ਼ਰੂਰੀ ਕਦਮ ਚੁੱਕੇ ਜਾਣਗੇ।
ਮੰਤਰੀ ਨੇ ਲੋਕਾਂ ਨੂੰ ਅਨੁਸ਼ਾਸਨ, ਸਹੀ ਪਾਰਕਿੰਗ ਅਤੇ ਲੇਨ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਬਿਹਤਰ ਬਣਾਇਆ ਜਾ ਸਕੇ।