ਹਾਂਗਕਾਂਗ ਦੇ ਇੱਕ ਰਿਹਾਇਸ਼ੀ ਐਸਟੇਟ ਵਿੱਚ ਇਸ ਹਫ਼ਤੇ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 128 ਹੋ ਗਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸ਼ਹਿਰ ਦੇ ਸੁਰੱਖਿਆ ਪ੍ਰਮੁੱਖ ਕ੍ਰਿਸ ਟੈਂਗ ਨੇ ਪ੍ਰੈਸ ਕਾਨਫਰੈਂਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਅਜੇ ਵੀ ਕਈ ਲੋਕ ਲਾਪਤਾ ਹਨ ਅਤੇ ਰਾਹਤ ਟੀਮਾਂ ਵੱਲੋਂ ਤਲਾਸ਼ ਜਾਰੀ ਹੈ। ਟੈਂਗ ਨੇ ਹਾਦਸੇ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾਵਾਂ ਪ੍ਰਗਟ ਕੀਤੀਆਂ।
ਇਸਦੇ ਨਾਲ ਹੀ ਅੱਗ ਦੇ ਦੌਰਾਨ ਅੱਠ ਇਮਾਰਤਾਂ ਦੇ ਫਾਇਰ ਅਲਾਰਮ ਸਿਸਟਮ ਨਾ ਚਲਣ ਦੀ ਗੰਭੀਰ ਲਾਪਰਵਾਹੀ ਵੀ ਸਾਹਮਣੇ ਆਈ ਹੈ। ਫਾਇਰ ਸਰਵਿਸ ਮੁਖੀ ਐਂਡੀ ਯਿਉਂਗ ਨੇ ਦੱਸਿਆ ਕਿ ਅਲਾਰਮ ਸਿਸਟਮਾਂ ਦੇ ਖਰਾਬ ਹੋਣ ਕਾਰਨ ਰਿਹਾਇਸ਼ੀਆਂ ਨੂੰ ਸਮੇਂ ਸਿਰ ਚੇਤਾਵਨੀ ਨਹੀਂ ਮਿਲ ਸਕੀ।
ਯਿਉਂਗ ਨੇ ਕਿਹਾ, “ਸਾਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅੱਠ ਇਮਾਰਤਾਂ ਦੇ ਅਲਾਰਮ ਸਿਸਟਮ ਕੰਮ ਨਹੀਂ ਕਰ ਰਹੇ ਸਨ। ਅਸੀਂ ਇਸ ਲਈ ਜ਼ਿੰਮੇਵਾਰ ਕਾਂਟ੍ਰੈਕਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ।”
ਹਾਂਗਕਾਂਗ ਵਿੱਚ ਪਿਛਲੇ ਕਈ ਦਹਾਕਿਆਂ ਦੀ ਇਹ ਸਭ ਤੋਂ ਘਾਤਕ ਅੱਗ ਮੰਨੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਗ ਦੇ ਕਾਰਣਾਂ ਦੀ ਜਾਂਚ ਜਾਰੀ ਹੈ, ਜਦਕਿ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ।