ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੂੰ ਭਾਰਤੀ ਚੋਣ ਕਮਿਸ਼ਨ ਨੇ 25 ਨਵੰਬਰ ਨੂੰ ਤਲਬ ਕੀਤਾ ਹੈ। ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਆਪਣੇ ਵਰਕਰਾਂ ਖ਼ਿਲਾਫ ਦਰਜ ਕੀਤੀਆਂ ਐਫਆਈਆਰਜ਼ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਹੋਈ ਹੈ। ਡੀਜੀਪੀ ਨੂੰ ਦਿੱਲੀ ਦਫ਼ਤਰ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਚੋਣ ਕਮਿਸ਼ਨ ਨੇ ਡੀਜੀਪੀ ਤੋਂ ਚੋਣ ਸਬੰਧੀ ਅਕਾਲੀ ਦਲ ਵੱਲੋਂ ਉਠਾਈਆਂ ਸ਼ਿਕਾਇਤਾਂ ’ਤੇ ਵਿਸਥਾਰਪੂਰਨ ਰਿਪੋਰਟ ਮੰਗੀ ਸੀ। ਅਕਾਲੀ ਦਲ ਨੇ ਆਰੋਪ ਲਗਾਇਆ ਸੀ ਕਿ ਤਰਨਤਾਰਨ ਹਲਕੇ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਵਰਕਰਾਂ ਅਤੇ ਆਗੂਆਂ ਖ਼ਿਲਾਫ ਝੂਠੇ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ।
ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਮਿਸ਼ਨ ਵੱਲੋਂ ਦੋ ਡੀਐਸਪੀ ਅਤੇ ਇੱਕ ਐਸਐਚਓ ਤਬਦੀਲ ਕਰਨ ਅਤੇ ਐਸਐਸਪੀ ਨੂੰ ਮੁਅੱਤਲ ਕਰਨ ਦੇ ਬਾਵਜੂਦ ਰਾਜ ਸਰਕਾਰ ਵੱਲੋਂ ਅਕਾਲੀ ਵਰਕਰਾਂ ਨੂੰ ਤੰਗ ਕਰਨਾ ਜਾਰੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਸੱਤਾਧਾਰੀ ਪਾਰਟੀ ਨੇ ਚੁਣੌਤੀ ਵਜੋਂ ਲਿਆ ਹੈ ਅਤੇ ਅਕਾਲੀ ਦਲ ਦੇ ਉਹ ਆਗੂ, ਜਿਨ੍ਹਾਂ ਨੇ ਦਬਾਅ ਨੂੰ ਨਾ ਮੰਨਿਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕੜੀ ਵਿੱਚ 15 ਨਵੰਬਰ 2025 ਨੂੰ ਤਰਨਤਾਰਨ ਸਿਟੀ ਥਾਣੇ ਵਿੱਚ ਬੀਐਨਐਸ ਦੀਆਂ ਕਈਆਂ ਧਾਰਾਵਾਂ ਹੇਠ ਐਫਆਈਆਰ ਨੰਬਰ 0261 ਵੀ ਦਰਜ ਕੀਤੀ ਗਈ।
ਡਾ. ਚੀਮਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਨਤੀਜਿਆਂ ਤੋਂ ਬਾਅਦ ਦਰਜ ਹੋਈਆਂ ਸਾਰੀਆਂ ਐਫਆਈਆਰਜ਼ ਦੀ ਚੋਣ ਆਬਜ਼ਰਵਰ ਰਾਹੀਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਚੋਣ ਪ੍ਰਕਿਰਿਆ ’ਤੇ ਲੋਕਾਂ ਦਾ ਵਿਸ਼ਵਾਸ ਬਰਕਰਾਰ ਰਹੇ।