ਮੋਤੀਆ ਪਲਾਜ਼ਾ ਬੱਦੀ ਵਿਖੇ ਪੌਦੇ ਲਗਾ ਕੇ 1111 ਪੌਦਿਆਂ ਦਾ ਸਾਲਾਨਾ ਟੀਚਾ ਪੂਰਾ: ਸਵਸਤਿਕ ਗੌਤਮ
ਚੰਡੀਗੜ੍ਹ (ਗੁਰਭਿੰਦਰ ਗੁਰੀ) ਮੋਤੀਆ ਪਲਾਜ਼ਾ, ਬੱਦੀ ਵਿਖੇ 11 ਪੌਦੇ ਲਗਾ ਕੇ 1111 ਪੌਦੇ ਲਗਾਉਣ ਦੇ ਸੰਕਲਪ ਤਹਿਤ ਸਾਲ 2026 ਦਾ ਪੌਦਾਰੋਪਣ ਟੀਚਾ ਪੂਰਾ ਕੀਤਾ ਗਿਆ। ਇਸ ਮੌਕੇ ਬੀਬੀਐਨ ਦੇ ਸਮਾਜ ਸੇਵੀ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਲ ਜੁੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੁਆਇੰਟ ਸਕੱਤਰ ਸਵਸਤਿਕ ਗੌਤਮ ਨੇ ਕਿਹਾ ਕਿ ਹਰ ਪੌਦਾ ਸਿਰਫ਼ ਇੱਕ ਦਰੱਖਤ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਹਰਿਆ-ਭਰਿਆ ਭਵਿੱਖ ਯਕੀਨੀ ਬਣਾਉਣ ਦਾ ਸੰਕਲਪ ਹੈ। ਸਵਸਤਿਕ ਗੌਤਮ ਨੇ ਕਿਹਾ ਕਿ ਇਸੇ ਸੋਚ ਨਾਲ ‘1111 ਟ੍ਰੀ ਪਲਾਂਟੇਸ਼ਨ ਮਿਸ਼ਨ, ਬੀਬੀਐਨ’ ਲਗਾਤਾਰ ਅੱਗੇ ਵਧ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਨਵੇਂ ਸਾਲ ਦੀ ਪਹਿਲੀ ਜਨਵਰੀ ਨੂੰ ਬੀਬੀਐਨ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ 1111 ਪੌਦੇ ਲਗਾਉਣ ਦਾ ਸੰਕਲਪ ਲਿਆ ਗਿਆ ਸੀ, ਜਿਸ ਨੂੰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕਰ ਲਿਆ ਗਿਆ ਹੈ। ਸਾਲ 2026 ਲਈ ਨਿਰਧਾਰਤ ਪੌਦਾਰੋਪਣ ਟੀਚਾ ਪੂਰਾ ਹੋਣ ’ਤੇ ਉਨ੍ਹਾਂ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਬੀਬੀਐਨ ਵਾਸੀਆਂ, ਉਦਯੋਗਪਤੀਆਂ, ਸਿਆਸੀ ਆਗੂਆਂ, ਵਿੱਦਿਅਕ ਸੰਸਥਾਵਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦਾ ਸਾਂਝਾ ਫ਼ਰਜ਼ ਹੈ।
ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਬੇਹੱਦ ਜ਼ਰੂਰੀ ਹੈ, ਤਾਂ ਜੋ ਇਹ ਪੌਦੇ ਵੱਡੇ ਹੋ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਯੋਗਦਾਨ ਪਾ ਸਕਣ। ਇਸ ਮੌਕੇ ਸਵਸਤਿਕ ਗੌਤਮ ਦੀ ਟੀਮ ਦੇ ਮੈਂਬਰ ਵਿਨੋਦ ਸਿਸੋਦੀਆ, ਹਿਮਾਂਸ਼ੂ, ਮੋਤੀਆ ਗਰੁੱਪ ਦੀ ਇੰਚਾਰਜ ਮੈਡਮ, ਸਤਿਅਮ, ਖੁਸ਼ਪ੍ਰੀਤ, ਸੁਮਨਮਾਲਾ ਕੌਸ਼ਲ, ਰਨੇਸ਼ ਠਾਕੁਰ, ਸੁਨੀਲ ਸ਼ਰਮਾ, ਅਰਵਿੰਦ ਭਾਰਦਵਾਜ, ਡਿੰਪਲ, ਪੂਜਾ ਅਤੇ ਸਤੀਸ਼ ਜੈਨ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।