ਭਾਰਤੀ ਰਿਜ਼ਰਵ ਬੈਂਕ (RBI) ਸ਼ੁੱਕਰਵਾਰ ਨੂੰ ਆਪਣੇ ਨਵੀਨਤਮ ਮੁਦਰਾ ਨੀਤੀ ਫੈਸਲਿਆਂ ਦਾ ਐਲਾਨ ਕਰਨ ਜਾ ਰਿਹਾ ਹੈ। RBI ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਹੇਠ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (MPC) ਨੇ 4 ਫਰਵਰੀ ਤੋਂ 6 ਫਰਵਰੀ ਤੱਕ ਮੀਟਿੰਗਾਂ ਕਰਨ ਤੋਂ ਬਾਅਦ ਵਿੱਤੀ ਸਾਲ 2025-26 ਲਈ ਆਪਣੀ ਛੇਵੀਂ ਅਤੇ ਆਖਰੀ ਦੋ-ਮਾਸਿਕ ਮੀਟਿੰਗ ਪੂਰੀ ਕਰ ਲਈ ਹੈ।
RBI ਗਵਰਨਰ ਸੰਜੇ ਮਲਹੋਤਰਾ ਅੱਜ ਸਵੇਰੇ 10 ਵਜੇ ਰੈਪੋ ਰੇਟ ਅਤੇ ਹੋਰ ਅਹਿਮ ਮੁਦਰਾ ਨੀਤੀ ਫੈਸਲਿਆਂ ਦਾ ਐਲਾਨ ਕਰਨਗੇ, ਜਿਸ ‘ਤੇ ਬਜ਼ਾਰਾਂ ਅਤੇ ਨਿਵੇਸ਼ਕਾਂ ਦੀ ਖਾਸ ਨਜ਼ਰ ਟਿਕੀ ਹੋਈ ਹੈ।
ਕੇਂਦਰੀ ਬੈਂਕ ਫਰਵਰੀ 2025 ਤੋਂ ਹੁਣ ਤੱਕ ਪਾਲਿਸੀ ਰੈਪੋ ਰੇਟ ਵਿੱਚ ਕੁੱਲ 125 ਬੇਸਿਸ ਪੁਆਇੰਟ ਦੀ ਕਟੌਤੀ ਕਰ ਚੁੱਕਾ ਹੈ। ਇਹ ਨੀਤੀ ਸਮੀਖਿਆ 2026-27 ਦੇ ਕੇਂਦਰੀ ਬਜਟ ਦੀ ਪੇਸ਼ਕਾਰੀ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਵਰਗੀਆਂ ਮਹੱਤਵਪੂਰਨ ਘਟਨਾਵਾਂ ਤੋਂ ਬਾਅਦ ਆ ਰਹੀ ਹੈ।
ਜੀਡੀਪੀ ਵਿਕਾਸ ਅਨੁਮਾਨ ਵਧਾਇਆ
ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਭਾਰਤ ਨੂੰ ਅਗਲੇ ਦੋ ਦਿਨਾਂ ਵਿੱਚ ਜੀਡੀਪੀ ਅਤੇ ਮਹਿੰਗਾਈ ਲਈ ਇੱਕ ਨਵਾਂ ਅਧਾਰ ਸਾਲ ਮਿਲਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਅਰਥਵਿਵਸਥਾ ਹਾਲੇ ਵੀ ਮਜ਼ਬੂਤ ਅਤੇ ਲਚਕੀਲੀ ਹੈ, ਜਦਕਿ ਘਰੇਲੂ ਮਹਿੰਗਾਈ ਅਤੇ ਵਿਕਾਸ ਸੰਕੇਤਕ ਸਕਾਰਾਤਮਕ ਬਣੇ ਹੋਏ ਹਨ।
RBI ਨੇ ਵਿੱਤੀ ਸਾਲ 2025-26 ਲਈ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 7.3 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਬਜਟ 2026 ਵਿੱਚ ਐਲਾਨ ਕੀਤੇ ਕਈ ਕਦਮ ਵਿਕਾਸ ਲਈ ਹੌਸਲਾ ਅਫ਼ਜ਼ਾਈ ਕਰਨ ਵਾਲੇ ਸਾਬਤ ਹੋਣਗੇ ਅਤੇ ਸੇਵਾਵਾਂ ਦੇ ਨਿਰਯਾਤ ਮਜ਼ਬੂਤ ਰਹਿਣ ਦੀ ਉਮੀਦ ਹੈ।