ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਤੜਕੇ ਕਰੀਬ 2:15 ਵਜੇ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਤਿੰਨ ਭੈਣਾਂ ਨੇ ਆਪਣੀ ਨੌਵੀਂ ਮੰਜ਼ਿਲ ਵਾਲੀ ਫਲੈਟ ਦੀ ਬਾਲਕਨੀ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮਰਨ ਵਾਲੀਆਂ ਦੀ ਪਛਾਣ ਪਾਖੀ (12), ਪ੍ਰਾਚੀ (14) ਅਤੇ ਵਿਸ਼ਿਕਾ (16) ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਭੈਣਾਂ ਨੇ ਛਾਲ ਮਾਰਣ ਤੋਂ ਪਹਿਲਾਂ ਇੱਕ ਹੱਥ ਨਾਲ ਲਿਖਿਆ ਨੋਟ ਛੱਡਿਆ, ਜਿਸ ‘ਚ ਲਿਖਿਆ ਸੀ, “ਸੌਰੀ, ਪਾਪਾ”। ਪ੍ਰਾਥਮਿਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਤਿੰਨੇ ਭੈਣਾਂ ਇੱਕ ਆਨਲਾਈਨ ਕੋਰੀਅਨ ਟਾਸਕ-ਅਧਾਰਿਤ ਗੇਮ ਤੋਂ ਕਾਫ਼ੀ ਪ੍ਰਭਾਵਿਤ ਸਨ, ਜਿਸਨੂੰ ਇਸ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਰਾਤ ਦੇ ਸੁੰਨ ਸਮੇਂ ਤਿੰਨੇ ਬਾਲਕਨੀ ਵਿੱਚ ਗਈਆਂ, ਦਰਵਾਜ਼ਾ ਅੰਦਰੋਂ ਬੰਦ ਕੀਤਾ ਅਤੇ ਇੱਕ-ਇੱਕ ਕਰਕੇ ਹੇਠਾਂ ਛਾਲ ਮਾਰ ਦਿੱਤੀ। ਉਨ੍ਹਾਂ ਦੀਆਂ ਚੀਖਾਂ ਅਤੇ ਜ਼ਮੀਨ ‘ਤੇ ਡਿੱਗਣ ਦੀ ਆਵਾਜ਼ ਨਾਲ ਮਾਪੇ, ਪੜੋਸੀ ਅਤੇ ਸੁਰੱਖਿਆ ਕਰਮੀ ਜਾਗ ਪਏ। ਪਰ ਜਦ ਤੱਕ ਦਰਵਾਜ਼ਾ ਤੋੜ ਕੇ ਬਾਹਰ ਪਹੁੰਚਿਆ ਗਿਆ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਇਹ ਪੁਸ਼ਟੀ ਕੀਤੀ ਗਈ ਕਿ ਤਿੰਨੇ ਲੜਕੀਆਂ ਦੀ ਮੌਤ ਇਮਾਰਤ ਤੋਂ ਛਾਲ ਮਾਰਨ ਕਾਰਨ ਹੋਈ ਹੈ।
ਜਾਂਚ ਦੌਰਾਨ ਇੱਕ ਅੱਠ ਸਫ਼ਿਆਂ ਦਾ ਸੁਸਾਈਡ ਨੋਟ ਅਤੇ ਡਾਇਰੀ ਵੀ ਮਿਲੀ ਹੈ, ਜਿਸ ਵਿੱਚ ਉਨ੍ਹਾਂ ਦੀ ਮੋਬਾਈਲ ਅਤੇ ਗੇਮਿੰਗ ਗਤੀਵਿਧੀਆਂ ਬਾਰੇ ਲਿਖਿਆ ਹੋਇਆ ਹੈ। ਨੋਟ ਵਿੱਚ ਲਿਖਿਆ ਸੀ ਕਿ ਡਾਇਰੀ ਵਿੱਚ ਦਰਜ ਸਾਰੀਆਂ ਗੱਲਾਂ ਸੱਚ ਹਨ। ਨੋਟ ਨਾਲ ਇੱਕ ਰੋਦਾ ਹੋਇਆ ਇਮੋਜੀ ਵੀ ਬਣਾਇਆ ਗਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ, ਤਿੰਨੇ ਭੈਣਾਂ ਕੋਰੀਅਨ ਸੰਸਕ੍ਰਿਤੀ ਤੋਂ ਬਹੁਤ ਪ੍ਰਭਾਵਿਤ ਸਨ, ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਲਈ ਕੋਰੀਅਨ ਨਾਮ ਵੀ ਰੱਖ ਲਏ ਸਨ। ਕੁਝ ਸਮੇਂ ਤੋਂ ਮਾਪਿਆਂ ਵੱਲੋਂ ਮੋਬਾਈਲ ਦੀ ਵਰਤੋਂ ‘ਤੇ ਰੋਕ ਲਗਾਈ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਦਿਖ ਰਹੀਆਂ ਸਨ।
ਪੁਲਿਸ ਕਹਿੰਦੀ ਹੈ ਕਿ ਹੁਣ ਤੱਕ ਕਿਸੇ ਖਾਸ ਗੇਮ ਦੇ ਨਾਮ ਦੀ ਪੁਸ਼ਟੀ ਨਹੀਂ ਹੋਈ, ਪਰ ਇਹ ਸਪਸ਼ਟ ਹੈ ਕਿ ਬੱਚੀਆਂ ‘ਤੇ ਆਨਲਾਈਨ ਸਮੱਗਰੀ ਅਤੇ ਕੋਰੀਅਨ ਪ੍ਰਭਾਵ ਕਾਫ਼ੀ ਗਹਿਰਾ ਸੀ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।