ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਫੌਜ ਦੇ ਨੌਜਵਾਨ ਸੈਨਿਕ ਜੋਬਨਪ੍ਰੀਤ ਸਿੰਘ ਦੀ ਦੁਖਦਾਈ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਦਾ ਇੱਕ ਵਾਹਨ ਭਦਰਵਾਹ ਤੋਂ ਖਨਾਈ ਟਾਪ ਵੱਲ ਡਿਊਟੀ ਲਈ ਜਾ ਰਿਹਾ ਸੀ। ਪਹਾੜੀ ਇਲਾਕੇ ਵਿੱਚ ਸਫ਼ਰ ਦੌਰਾਨ ਵਾਹਨ ਅਚਾਨਕ ਬੇਕਾਬੂ ਹੋ ਕੇ ਲਗਭਗ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ।
ਇਸ ਦਰਦਨਾਕ ਹਾਦਸੇ ਵਿੱਚ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਦੇ ਰਹਿਣ ਵਾਲੇ ਸੈਨਿਕ ਜੋਬਨਪ੍ਰੀਤ ਸਿੰਘ ਸਮੇਤ ਕੁੱਲ 10 ਸੈਨਿਕ ਸ਼ਹੀਦ ਹੋ ਗਏ, ਜਦਕਿ 11 ਹੋਰ ਸੈਨਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦਾ ਇਲਾਜ ਫੌਜ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।
ਸ਼ਹੀਦ ਜੋਬਨਪ੍ਰੀਤ ਸਿੰਘ ਪੂਰਵ ਸੈਨਿਕ ਬਲਵੀਰ ਸਿੰਘ ਦੇ ਪੁੱਤਰ ਸਨ ਅਤੇ ਉਨ੍ਹਾਂ ਦੀ ਉਮਰ ਮਹਿਜ਼ 23 ਸਾਲ ਸੀ। ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਇਸ ਵੇਲੇ 8 ਕੈਵਲਰੀ, ਆਰਮਰਡ ਯੂਨਿਟ (4 ਆਰ ਆਰ) ਵਿੱਚ ਤਾਇਨਾਤ ਸਨ। ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਗੌਰਤਲਬ ਹੈ ਕਿ ਜੋਬਨਪ੍ਰੀਤ ਸਿੰਘ ਦੀ ਸ਼ਾਦੀ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਤੈਅ ਸੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ, ਪਰ ਇਸ ਅਚਾਨਕ ਵਾਪਰੇ ਹਾਦਸੇ ਨੇ ਖੁਸ਼ੀਆਂ ਨੂੰ ਗਹਿਰੇ ਸੋਗ ਵਿੱਚ ਬਦਲ ਦਿੱਤਾ। ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਚਨੌਲੀ, ਨੂਰਪੁਰ ਬੇਦੀ ਅਤੇ ਨੇੜਲੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।