ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਬੁੱਧਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚਾਅ ਹੋ ਗਿਆ। ਤਕਨੀਕੀ ਖਰਾਬੀ ਕਾਰਨ ਭਾਰਤੀ ਹਵਾਈ ਫੌਜ ਦਾ ਇੱਕ ਸਿਖਲਾਈ ਜਹਾਜ਼ ਸ਼ਹਿਰ ਦੇ ਵਿਚਕਾਰ ਸਥਿਤ ਇੱਕ ਤਲਾਬ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਕੇਪੀ ਕਾਲਜ ਦੇ ਬਿਲਕੁਲ ਪਿੱਛੇ ਵਾਪਰੀ, ਜਿਸ ਨਾਲ ਇਲਾਕੇ ਵਿੱਚ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ।
ਚਸ਼ਮਦੀਦਾਂ ਮੁਤਾਬਕ, ਜਹਾਜ਼ ਨੇ ਹਵਾ ਵਿੱਚ ਸੰਤੁਲਨ ਗੁਆ ਦਿੱਤਾ ਅਤੇ ਸਿੱਧਾ ਦਲਦਲੀ ਤਲਾਬ ਵਿੱਚ ਜਾ ਡਿੱਗਿਆ। ਹਾਦਸੇ ਵੇਲੇ ਲੋਕਾਂ ਨੇ ਰਾਕੇਟ ਵਰਗੀ ਉੱਚੀ ਆਵਾਜ਼ ਸੁਣੀ। ਜਦੋਂ ਸਥਾਨਕ ਨਿਵਾਸੀ ਮੌਕੇ ਵੱਲ ਦੌੜੇ ਤਾਂ ਉਨ੍ਹਾਂ ਨੇ ਪਾਇਲਟਾਂ ਨੂੰ ਮਦਦ ਲਈ ਚੀਕਾਂ ਮਾਰਦਿਆਂ ਸੁਣਿਆ।
ਇਸ ਦੌਰਾਨ ਸਥਾਨਕ ਨੌਜਵਾਨਾਂ ਨੇ ਬੇਹੱਦ ਹਿੰਮਤ ਅਤੇ ਸੂਝਬੂਝ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਤਲਾਬ ਵਿੱਚ ਛਾਲ ਮਾਰੀ ਅਤੇ ਦੋਵੇਂ ਪਾਇਲਟਾਂ ਸਮੇਤ ਇੱਕ ਹੋਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ, ਤਿੰਨੇ ਜਹਾਜ਼ ਤੋਂ ਪੈਰਾਸ਼ੂਟ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਫਿਲਹਾਲ ਦੋਵੇਂ ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਜਹਾਜ਼ ਹਾਦਸੇ ਦੇ ਅਸਲ ਕਾਰਨ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਭਾਰਤੀ ਹਵਾਈ ਫੌਜ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਸਹੀ ਕਾਰਨਾਂ ਦਾ ਖੁਲਾਸਾ ਹੋ ਸਕੇਗਾ।