ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੂੰ ਨਵਾਂ ਕੌਮੀ ਪ੍ਰਧਾਨ ਮਿਲ ਗਿਆ ਹੈ। ਨਿਤਿਨ ਨਬੀਨ ਨੇ ਅਧਿਕਾਰਕ ਤੌਰ ‘ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿੱਚ ਪਾਰਟੀ ਨੇਤਾਵਾਂ ਅਤੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਨਿਤਿਨ ਨਬੀਨ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ,
“ਅੱਜ ਤੋਂ ਨਿਤਿਨ ਨਬੀਨ ਸਾਡੇ ਪ੍ਰਧਾਨ ਹਨ।”
ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਮੈਂਬਰਸ਼ਿਪ ਨਾਲੋਂ ਰਿਸ਼ਤੇ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਅਤੇ ਪਾਰਟੀ ਦੀ ਅਸਲ ਤਾਕਤ ਉਸਦੇ ਕਾਰਕੁਨ ਹਨ।
“ਸੇਵਾ ਸਾਡਾ ਮੂਲ ਮੰਤ੍ਰ ਹੈ”
ਪੀਐੱਮ ਮੋਦੀ ਨੇ ਕਿਹਾ ਕਿ ਸੇਵਾ ਭਾਜਪਾ ਲਈ ਹਮੇਸ਼ਾ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ ਹੈ।
ਉਨ੍ਹਾਂ ਕਿਹਾ,
“ਸੱਤਾ ਸਾਡੇ ਲਈ ਮਕਸਦ ਨਹੀਂ, ਸਗੋਂ ਸੇਵਾ ਦਾ ਇੱਕ ਸਾਧਨ ਹੈ। ਇਸੇ ਸੋਚ ਕਾਰਨ ਭਾਜਪਾ ਅੱਜ ਦੇਸ਼ ਭਰ ਵਿੱਚ ਭਰੋਸੇਮੰਦ ਤਾਕਤ ਬਣੀ ਹੈ।”
ਉਨ੍ਹਾਂ ਦੱਸਿਆ ਕਿ ਭਾਜਪਾ ਪੱਛਮੀ ਬੰਗਾਲ ਅਤੇ ਤੇਲੰਗਾਨਾ ਵਰਗੇ ਰਾਜਾਂ ਵਿੱਚ ਵੀ ਇੱਕ ਵੱਡੀ ਸਿਆਸੀ ਆਵਾਜ਼ ਵਜੋਂ ਉਭਰੀ ਹੈ। ਇਸਦੇ ਨਾਲ ਹੀ ਪਾਰਟੀ ਹੁਣ ਨਗਰ ਨਿਗਮਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ।
ਮਹਾਰਾਸ਼ਟਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੀਆਂ ਸਥਾਨਕ ਸੰਸਥਾਵਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜੋ ਪਾਰਟੀ ਦੇ ਵਧਦੇ ਲੋਕ ਆਧਾਰ ਨੂੰ ਦਰਸਾਉਂਦਾ ਹੈ।
“ਅੱਜ ਤੋਂ ਨਿਤਿਨ ਨਬੀਨ ਮੇਰੇ ਬੌਸ ਹਨ”
ਪਾਰਟੀ ਨੇਤਾਵਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ,
“ਅੱਜ ਤੋਂ ਨਿਤਿਨ ਨਬੀਨ ਮੇਰੇ ਬੌਸ ਹਨ। ਪਾਰਟੀ ਦੇ ਹਰ ਨੇਤਾ ਅਤੇ ਕਾਰਕੁਨ ਨੂੰ ਉਨ੍ਹਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨਵੇਂ ਅਤੇ ਉਭਰਦੇ ਨੇਤਾਵਾਂ ਲਈ ਇੱਕ ਮਜ਼ਬੂਤ ਪਲੇਟਫਾਰਮ ਹੈ ਅਤੇ ਨਿਤਿਨ ਨਬੀਨ ਇਸਦੀ ਜੀਤੀ ਜਾਗਦੀ ਮਿਸਾਲ ਹਨ।
“ਸਾਡਾ ਨਵਾਂ ਪ੍ਰਧਾਨ ਨੌਜਵਾਨ ਹੈ, ਊਰਜਾ ਨਾਲ ਭਰਪੂਰ ਹੈ ਅਤੇ ਪਾਰਟੀ ਨੂੰ ਨਵੀਂ ਦਿਸ਼ਾ ਦੇਵੇਗਾ,” ਮੋਦੀ ਨੇ ਕਿਹਾ।
ਕੌਣ ਹਨ ਨਿਤਿਨ ਨਬੀਨ?
ਨਿਤਿਨ ਨਬੀਨ ਇੱਕ ਰਾਜਨੀਤਿਕ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਨਬੀਨ ਕਿਸ਼ੋਰ ਪ੍ਰਸਾਦ ਸਿਨਹਾ ਭਾਜਪਾ ਦੇ ਪ੍ਰਮੁੱਖ ਨੇਤਾ ਰਹੇ ਹਨ ਅਤੇ ਉਹ ਪਟਨਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਬਿਹਾਰ ਵਿਧਾਨ ਸਭਾ ਦੇ ਮੈਂਬਰ ਰਹੇ।
23 ਮਈ 1980 ਨੂੰ ਰਾਂਚੀ ਵਿੱਚ ਜਨਮੇ ਨਿਤਿਨ ਨਬੀਨ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਟਨਾ ਤੋਂ ਕੀਤੀ। ਉਨ੍ਹਾਂ ਨੇ 1996 ਵਿੱਚ ਪਟਨਾ ਦੇ ਇੱਕ ਸੀਬੀਐਸਈ ਸਕੂਲ ਤੋਂ 10ਵੀਂ ਅਤੇ 1998 ਵਿੱਚ ਦਿੱਲੀ ਤੋਂ 12ਵੀਂ ਜਮਾਤ ਪੂਰੀ ਕੀਤੀ। ਨੌਜਵਾਨੀ ਦੌਰ ਤੋਂ ਹੀ ਉਹ ਪਾਰਟੀ ਅਤੇ ਸੰਗਠਨਕ ਕੰਮਾਂ ਨਾਲ ਜੁੜੇ ਰਹੇ ਹਨ।
ਨਿਤਿਨ ਨਬੀਨ ਦੀ ਨਿਯੁਕਤੀ ਨਾਲ ਭਾਜਪਾ ਵਿੱਚ ਨਵੀਂ ਊਰਜਾ ਅਤੇ ਨਵੀਂ ਰਣਨੀਤੀ ਦੀ ਉਮੀਦ ਕੀਤੀ ਜਾ ਰਹੀ ਹੈ, ਖ਼ਾਸ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ।