ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੀ ਘਟਨਾ ਤੋਂ ਬਾਅਦ ਹੁਣ ਬਿਹਾਰ ਦੇ ਪਟਨਾ ਵਿੱਚ NEET ਦੀ ਇੱਕ ਵਿਦਿਆਰਥਣ ਨਾਲ ਹੋਈ ਦਰਿੰਦਗੀ ਨੇ ਦੇਸ਼ ਨੂੰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਕਈ ਦਿਨ ਕੋਮਾ ਵਿੱਚ ਰਹਿਣ ਤੋਂ ਬਾਅਦ ਵਿਦਿਆਰਥਣ ਦੀ 10 ਜਨਵਰੀ 2026 ਨੂੰ ਇਲਾਜ ਦੌਰਾਨ ਮੌਤ ਹੋ ਗਈ।
ਸ਼ੁਰੂ ਵਿੱਚ ਪੁਲਿਸ ਨੇ ਮਾਮਲੇ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਕੀਤੀ ਆਤਮਹੱਤਿਆ ਦੱਸਿਆ ਸੀ, ਪਰ ਪੋਸਟਮਾਰਟਮ ਰਿਪੋਰਟ ਨੇ ਗੈਂਗਰੇਪ ਦੀ ਗੰਭੀਰ ਆਸ਼ੰਕਾ ਵੱਲ ਇਸ਼ਾਰਾ ਕੀਤਾ ਹੈ। ਰਿਪੋਰਟ ਅਨੁਸਾਰ, ਵਿਦਿਆਰਥਣ ਦੇ ਸਰੀਰ ’ਤੇ ਜ਼ਬਰਦਸਤੀ ਅਤੇ ਸੰਘਰਸ਼ ਦੇ ਨਿਸ਼ਾਨ ਮਿਲੇ ਹਨ ਅਤੇ ਇੱਕ ਤੋਂ ਵੱਧ ਵਿਅਕਤੀਆਂ ਵੱਲੋਂ ਯੌਨ ਹਿੰਸਾ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਉਸਨੂੰ ਬੇਹੋਸ਼ ਕਰਨ ਲਈ ਦਵਾਈ ਜਾਂ ਇੰਜੈਕਸ਼ਨ ਦਿੱਤੇ ਜਾਣ ਦੀ ਆਸ਼ੰਕਾ ਵੀ ਹੈ।
ਮ੍ਰਿਤਕਾ ਦੇ ਪਰਿਵਾਰ ਨੇ ਇਸਨੂੰ ਕਤਲ ਕਰਾਰ ਦਿੰਦਿਆਂ ਹੋਸਟਲ ਪ੍ਰਬੰਧਨ ’ਤੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਸ਼ੁਰੂ ਤੋਂ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਪਰਿਵਾਰ ਦੇ ਦੋਸ਼ ਹੋਰ ਮਜ਼ਬੂਤ ਹੋ ਗਏ ਹਨ।
ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਉੱਠ ਰਹੇ ਹਨ। ਜਨਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਪਟਨਾ ਦੇ ਐੱਸਐੱਸਪੀ ਨਾਲ ਮੁਲਾਕਾਤ ਕਰਕੇ ਨਿਰਪੱਖ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।