ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਰਾਹੀਂ ਚਲ ਰਹੀ ਇੱਕ ਹੈਰਾਨੀਜਨਕ ਸਾਇਬਰ ਠੱਗੀ ਦਾ ਭਾਂਡਾ ਫੁੱਟਿਆ ਹੈ। ਇਸ ਠੱਗੀ ਵਿੱਚ ਮਰਦਾਂ ਨੂੰ ਬੇਔਲਾਦ ਔਰਤਾਂ ਨੂੰ ਗਰਭਵਤੀ ਕਰਨ ਦੇ ਬਦਲੇ 10 ਲੱਖ ਰੁਪਏ ਤੱਕ ਇਨਾਮ ਅਤੇ ਮੁਫ਼ਤ ਸੈਕਸ ਦਾ ਝਾਂਸਾ ਦਿੱਤਾ ਜਾਂਦਾ ਸੀ।
‘ਆਲ ਇੰਡੀਆ ਪ੍ਰੈਗਨੈਂਟ ਜੌਬ’ ਦੇ ਨਾਂਅ ਨਾਲ ਫੇਸਬੁੱਕ ਅਤੇ ਵਟਸਐਪ ‘ਤੇ ਇਸ਼ਤਿਹਾਰ ਚਲਾਏ ਗਏ। ਇਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਸੀ ਕਿ ਜੇ ਕੋਈ ਵਿਅਕਤੀ ਔਰਤ ਨੂੰ ਗਰਭਵਤੀ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਨੂੰ 10 ਲੱਖ ਰੁਪਏ ਮਿਲਣਗੇ, ਅਤੇ ਜੇ ਅਸਫ਼ਲ ਵੀ ਰਹੇ ਤਾਂ ਅੱਧੀ ਰਕਮ ਦੇ ਦਿੱਤੀ ਜਾਵੇਗੀ।
ਇਸ ਠੱਗੀ ਨੂੰ ਹੋਰ ਆਕਰਸ਼ਕ ਬਣਾਉਣ ਲਈ ‘ਪਲੇਬੋਇ ਸਰਵਿਸ’, ‘ਧਨੀ ਫ਼ਾਇਨੈਂਸ’ ਅਤੇ ‘ਐੱਸਬੀਆਈ ਸਸਤੇ ਲੋਨ’ ਵਰਗੇ ਭ੍ਰਮਕ ਨਾਂ ਵਰਤੇ ਗਏ। ਪੀੜਤਾਂ ਨੂੰ ਮਹਿਲਾ ਮਾਡਲਾਂ ਦੀਆਂ ਤਸਵੀਰਾਂ ਭੇਜ ਕੇ ਲਾਲਚ ਦਿੱਤਾ ਜਾਂਦਾ ਸੀ।
ਪਰ ਅਸਲ ਵਿੱਚ ਇਹ ਸਾਰਾ ਜਾਲ ਠੱਗੀ ਦਾ ਸੀ। ਠੱਗ ਪਹਿਲਾਂ ਰਜਿਸਟ੍ਰੇਸ਼ਨ ਫੀਸ, ਹੋਟਲ ਖ਼ਰਚੇ ਅਤੇ ਹੋਰ ਸ਼ੁਰੂਆਤੀ ਚਾਰਜਾਂ ਦੇ ਨਾਂਅ ‘ਤੇ ਪੈਸੇ ਮੰਗਦੇ ਰਹਿੰਦੇ ਸਨ। ਇਹ ਉਗਰਾਹੀ ਤਦ ਤੱਕ ਚੱਲਦੀ ਰਹੀ ਜਦ ਤੱਕ ਪੀੜਤਾਂ ਨੂੰ ਅਹਿਸਾਸ ਨਹੀਂ ਹੋਇਆ ਕਿ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ।
ਆਸਾਨੀ ਨਾਲ ਵੱਡੀ ਰਕਮ ਕਮਾਉਣ ਦੇ ਲਾਲਚ ਵਿੱਚ ਕਈ ਲੋਕਾਂ ਨੇ ਆਪਣੀ ਜਮ੍ਹਾ ਪੂੰਜੀ ਗਵਾ ਦਿੱਤੀ। ਸਮਾਜਿਕ ਬਦਨਾਮੀ ਦੇ ਡਰ ਕਾਰਨ ਜ਼ਿਆਦਾਤਰ ਪੀੜਤਾਂ ਨੇ ਨਾ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਨਾ ਹੀ ਕਿਸੇ ਨੂੰ ਦੱਸਿਆ।
ਗ੍ਰਿਫ਼ਤਾਰੀ ਅਤੇ ਪੁਲਿਸ ਦੀ ਅਪੀਲ
ਨਵਾਦਾ ਸਾਇਬਰ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ ਇਸ ਮਾਮਲੇ ਵਿੱਚ ਨਵਾਦਾ ਦੇ ਰਹਿਣ ਵਾਲੇ ਰੰਜਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਨਾਬਾਲਿਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਠੱਗੀ ਲਈ ਵਰਤੇ ਗਏ ਚਾਰ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਹਨ।
ਐੱਸਪੀ ਅਭਿਨਵ ਧੀਮਾਨ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਅਤੇ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ, ਨਵਾਦਾ ਜ਼ਿਲ੍ਹੇ ਵਿੱਚ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਕਈ ਸਾਇਬਰ ਠੱਗੀਆਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਪੀੜਤਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲੇ ਗਏ।
ਨਵਾਦਾ ਸਾਇਬਰ ਥਾਣੇ ਦੇ ਇੰਚਾਰਜ ਅਤੇ ਡਿਪਟੀ ਐੱਸਪੀ ਨਿਸ਼ੂ ਮੱਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ‘ਤੇ ਆ ਰਹੀਆਂ ਅਜਿਹੀਆਂ ਲਾਲਚੀ ਅਤੇ ਅਸਧਾਰਣ ਪੇਸ਼ਕਸ਼ਾਂ ‘ਤੇ ਭਰੋਸਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਸੂਚਨਾ ਦੇਣ।