ਦੇਸ਼ ਭਰ ਵਿੱਚ ਗਿਗ ਵਰਕਰਾਂ ਵੱਲੋਂ ਕੀਤੀ ਗਈ ਹੜਤਾਲ ਅੱਜ ਸਫਲ ਰਹੀ। ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਦੇ ਦਖਲ ਤੋਂ ਬਾਅਦ ਔਨਲਾਈਨ ਆਰਡਰਾਂ ਲਈ 10 ਮਿੰਟ ਡਿਲੀਵਰੀ ਵਾਲਾ ਨਿਯਮ ਹਟਾ ਦਿੱਤਾ ਗਿਆ ਹੈ।
ਕਿਰਤ ਮੰਤਰੀ ਮਨਸੁਖ ਮੰਡਾਵੀਆ ਦੇ ਦਖਲ ਉਪਰੰਤ, ਬਲਿੰਕਿਟ ਨੇ ਆਪਣੇ ਸਾਰੇ ਪਲੇਟਫਾਰਮਾਂ ਅਤੇ ਬ੍ਰਾਂਡਾਂ ਤੋਂ 10 ਮਿੰਟ ਡਿਲੀਵਰੀ ਦਾ ਦਾਅਵਾ ਹਟਾ ਦਿੱਤਾ ਹੈ। ਇਸਦੇ ਨਾਲ ਹੀ ਜ਼ੈਪਟੋ, ਸਵਿਗੀ ਅਤੇ ਜੋਮੈਟੋ ਦੇ ਅਧਿਕਾਰੀਆਂ ਨਾਲ ਵੀ ਇਸ ਮਸਲੇ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨੂੰ ਸਰਵੋਚ ਤਰਜੀਹ ਦੇਣ ਅਤੇ ਤੇਜ਼ ਡਿਲੀਵਰੀ ਦੀ ਸਮਾਂ-ਸੀਮਾ ਹਟਾਉਣ ‘ਤੇ ਜ਼ੋਰ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਸਪੱਸ਼ਟ ਕਿਹਾ ਕਿ ਤੇਜ਼ ਡਿਲੀਵਰੀ ਦੇ ਦਬਾਅ ਨਾਲ ਕਿਸੇ ਵੀ ਡਿਲੀਵਰੀ ਪਾਰਟਨਰ ਦੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ।
ਕਿਉਂ ਲਿਆ ਗਿਆ ਇਹ ਫੈਸਲਾ?
10 ਮਿੰਟ ਡਿਲੀਵਰੀ ਦੀ ਸ਼ਰਤ ਕਾਰਨ ਡਿਲੀਵਰੀ ਪਾਰਟਨਰਾਂ ‘ਤੇ ਬੇਹੱਦ ਦਬਾਅ ਬਣ ਰਿਹਾ ਸੀ, ਜਿਸ ਨਾਲ ਸੜਕ ਹਾਦਸਿਆਂ ਅਤੇ ਹੋਰ ਸੁਰੱਖਿਆ ਜੋਖਮਾਂ ਦਾ ਖ਼ਤਰਾ ਵੱਧ ਰਿਹਾ ਸੀ। ਇਸਦੇ ਵਿਰੋਧ ਵਿੱਚ ਗਿਗ ਵਰਕਰਾਂ ਨੇ 31 ਦਸੰਬਰ ਦੀ ਰਾਤ ਨੂੰ ਹੜਤਾਲ ਵੀ ਕੀਤੀ ਸੀ ਅਤੇ ਸਰਕਾਰ ਤੋਂ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।