ਕਾਮਨਵੈਲਥ ਯੂਥ ਗੇਮਜ਼ ਦੇ ਸੋਨ ਪਦਕ ਜੇਤੂ ਅਤੇ ਰਾਸ਼ਟਰੀ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ਼ ਨੂੰ ਇੱਕ 17 ਸਾਲਾ ਨਾਬਾਲਿਗ ਸ਼ੂਟਰ ਵੱਲੋਂ ਜਿਨਸੀ ਦੁਰਵਿਹਾਰ ਦੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ। ਭਾਰਦਵਾਜ਼ ਖ਼ਿਲਾਫ਼ POCSO ਐਕਟ ਅਤੇ ਧਮਕਾਉਣ ਨਾਲ ਸੰਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਕੁੜੀ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਦੱਸਿਆ ਕਿ ਕੋਚ ਨੇ ਉਸਨੂੰ ਪਰਫਾਰਮੈਂਸ ਐਨਾਲਿਸਿਸ ਦੇ ਬਹਾਨੇ ਫਰੀਦਾਬਾਦ ਦੇ ਇੱਕ ਪੰਜ-ਤਾਰਾ ਹੋਟਲ ਬੁਲਾਇਆ। ਉੱਥੇ ਹੋਟਲ ਦੇ ਕਮਰੇ ਵਿੱਚ ਉਸ ਨਾਲ ਜਿਨਸੀ ਦੁਰਵਿਹਾਰ ਕੀਤਾ ਗਿਆ। ਵਿਰੋਧ ਕਰਨ ‘ਤੇ ਕੋਚ ਨੇ ਉਸਦਾ ਕਰੀਅਰ ਖਤਮ ਕਰਨ ਦੀ ਧਮਕੀ ਦਿੱਤੀ।
ਕੁੜੀ ਮੁਤਾਬਕ, ਉਹ ਕੁਰਸੀ ‘ਤੇ ਬੈਠੀ ਸੀ ਜਦੋਂ ਕੋਚ ਨੇ ਉਸਦੀ “ਬੈਕ ਕ੍ਰੈਕ” ਕਰਨ ਦੀ ਪੇਸ਼ਕਸ਼ ਕੀਤੀ। ਇਨਕਾਰ ਕਰਨ ਬਾਵਜੂਦ, ਉਸਨੂੰ ਜ਼ਬਰਦਸਤੀ ਬਿਸਤਰੇ ਵੱਲ ਧੱਕਿਆ ਗਿਆ। ਘਟਨਾ ਤੋਂ ਬਾਅਦ ਉਹ ਡਰ ਦੇ ਕਾਰਨ ਚੁੱਪ ਰਹੀ, ਪਰ ਬਾਅਦ ਵਿੱਚ ਮਾਂ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ।
ਅੰਕੁਸ਼ ਭਾਰਦਵਾਜ਼ 2008 ਵਿੱਚ 50 ਮੀਟਰ ਪਿਸਤੌਲ ਇਵੈਂਟ ਵਿੱਚ ਸੋਨ ਪਦਕ ਜਿੱਤ ਚੁੱਕੇ ਹਨ। 2010 ਵਿੱਚ ਡੋਪਿੰਗ ਮਾਮਲੇ ਕਾਰਨ ਉਨ੍ਹਾਂ ‘ਤੇ ਪਾਬੰਦੀ ਵੀ ਲੱਗੀ ਸੀ, ਹਾਲਾਂਕਿ 2012 ਵਿੱਚ ਉਨ੍ਹਾਂ ਨੇ ਵਾਪਸੀ ਕੀਤੀ। ਮੌਜੂਦਾ ਸਮੇਂ ਉਹ ਮੋਹਾਲੀ ‘ਚ ਆਧਾਰਿਤ ਹਨ ਅਤੇ ਇੱਕ ਸ਼ੂਟਿੰਗ ਅਕੈਡਮੀ ਚਲਾਉਂਦੇ ਹਨ। ਉਹ ਰਾਸ਼ਟਰੀ ਪਿਸਤੌਲ ਕੋਚਾਂ ਵਿੱਚ ਸ਼ਾਮਲ ਸਨ ਅਤੇ ਦੋ ਵਾਰੀ ਓਲੰਪਿਕ ਖਿਡਾਰਣ ਅੰਜੁਮ ਮੌਦਗਿਲ ਦੇ ਪਤੀ ਹਨ।
ਰਾਸ਼ਟਰੀ ਸ਼ੂਟਿੰਗ ਸੰਸਥਾ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੱਕ ਅੰਕੁਸ਼ ਭਾਰਦਵਾਜ਼ ਨੂੰ ਕੋਚ ਦੇ ਪਦ ਤੋਂ ਹਟਾ ਦਿੱਤਾ ਗਿਆ ਹੈ। ਦੂਜੇ ਪਾਸੇ, ਪੀੜਤਾ ਦੇ ਪਰਿਵਾਰ ਨੇ ਘਟਨਾ ਨੂੰ ਬਹੁਤ ਦਰਦਨਾਕ ਦੱਸਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਹੋਰ ਕਿਸੇ ਨਾਲ ਅਜਿਹਾ ਨਾ ਹੋਵੇ, ਇਹੀ ਉਨ੍ਹਾਂ ਦੀ ਇੱਛਾ ਹੈ।