ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਫਤਿਹਪੁਰ ਬਿਲੌਚ ਪਿੰਡ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਝੜਪ ਦੌਰਾਨ 25 ਸਾਲਾ ਦਲਿਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਕਰੀਬ 8 ਵਜੇ ਮ੍ਰਿਤਕ ਦੇਵੇਂਦਰ ਬਾਜ਼ਾਰ ਵੱਲ ਜਾ ਰਿਹਾ ਸੀ, ਜਦੋਂ ਰਾਹ ਵਿੱਚ ਕੁਝ ਨੌਜਵਾਨਾਂ ਨੇ ਉਸਨੂੰ ਰੋਕ ਕੇ ਜਾਤੀਸੂਚਕ ਗਾਲਾਂ ਕੱਢੀਆਂ ਅਤੇ ਮਾਰ-ਪੀਟ ਕੀਤੀ। ਵਿਰੋਧ ਕਰਨ ‘ਤੇ ਝਗੜਾ ਵਧ ਗਿਆ ਅਤੇ ਦੋਵੇਂ ਪੱਖਾਂ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੇਵੇਂਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਹੋਰ ਵਿਅਕਤੀ ਬਾਬੂਲਾਲ ਨੂੰ ਜਬੜੇ ਵਿੱਚ ਗੋਲੀ ਲੱਗੀ।
ਘਟਨਾ ਤੋਂ ਬਾਅਦ ਦਲਿਤ ਸਮਾਜ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੱਲਭਗੜ੍ਹ ਦੇ ਸਦਰ ਥਾਣੇ ਵਿੱਚ ਮਰਡਰ ਅਤੇ SC/ST ਐਕਟ ਸਮੇਤ ਕਈ ਧਾਰਾਵਾਂ ਹੇਠ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਕਿਹਾ ਹੈ ਕਿ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦ ਕੀਤੀ ਜਾਵੇਗੀ।